ਮੱਧ ਪ੍ਰਦੇਸ਼ ਦੇ ਖਰਗੋਨ ‘ਚ ਮੰਗਲਵਾਰ ਸਵੇਰੇ ਨੂੰ ਯਾਤਰੀਆਂ ਦੀ ਬੱਸ 50 ਫੁੱਟ ਉੱਚੇ ਪੁਲ ‘ਤੋਂ ਹੇਠਾਂ ਨਦੀ ਵਿੱਚ ਡਿੱਗ ਗਈ। ਇਸ ਘਟਨਾ ‘ਚ15 ਲੋਕਾਂ ਦੀ ਮੌਤ ਅਤੇ 25 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਹੋਏ ਯਾਤਰੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਪਹੁੰਚਿਆ ਜਾ ਰਿਹਾ ਹੈ।
ਘਟਨਾ ਜ਼ਿਲ੍ਹੇ ਦੇ ਵੂਲ ਥਾਣੇ ਦੇ ਦਸਾਂਗਾ ਨੇੜੇ ਡੋਂਗਰਗਾਂਵ ਪੁਲ ‘ਤੇ ਸਵੇਰੇ 8:30 ਵਜੇ ਵਾਪਰੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪੁੱਜ ਚੁੱਕੇ ਹਨ ਅਤੇ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਲਿਜਾ ਰਹੇ ਹਨ।
ਖ਼ਬਰਾਂ ਦੇ ਅਨੁਸਾਰ ਮਾਂ ਸ਼ਾਰਦਾ ਟਰੈਵਲਜ਼ ਦੀ ਬੱਸ ਖਰਗੋਨ ਤੋਂ ਇੰਦੌਰ ਵੱਲ ਨੂੰ ਜਾ ਰਹੀ ਸੀ। ਬੱਸ ਨਦੀ ਦੇ ਪੁਲ ਦੇ ਉੱਪਰੋਂ ਜਾ ਰਹੀ ਸੀ ਕਿ ਅਚਾਨਕ ਬੱਸ ਨਦੀ ‘ਚ ਡਿੱਗ ਜਾਂਦੀ ਹੈ। ਇਸ ਤੋਂ ਮਗਰੋਂ ਬਹੁਤ ਹੰਗਾਮਾ ਹੁੰਦਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਆਸਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਜਾਂਦੇ ਹਨ । ਇਸ ਬੱਸ ਵਿੱਚ 35 ਤੋਂ ਜਿਆਦਾ ਲੋਕ ਸਵਾਰ ਸੀ।
ਗ੍ਰਹਿ ਮੰਤਰੀ ਡਾ: ਨਰੋਤਮ ਮਿਸ਼ਰਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਿਆ ਹੈ ਤੇ ਕਿਹਾ ਹੈ ਕਿ ਇਸ ਘਟਨਾ ‘ਚ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 25 ਲੋਕ ਗੰਭੀਰ ਹਾਲਤ ‘ਚ ਹਨ। ਘਟਨਾ ਦੀ ਜਾਂਚ ਲਈ ਮੈਜਿਸਟ੍ਰੇਟ ਨੂੰ ਆਦੇਸ਼ ਮਿਲ ਗਏ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੀ ਸ਼ਿਵਰਾਜ ਚੌਹਾਨ ਦੀ ਸਰਕਾਰ ਨੇ ਇਸ ਘਟਨਾ ਵਿੱਚ ਮਰੇ ਹੋਏ ਵਿਅਕਤੀਆਂ ਦੇ ਪਰਿਵਾਰ ਨੂੰ 4-4 ਲੱਖ ਰੁਪਏ, ਜਿਨ੍ਹਾਂ ਦੀ ਹਾਲਤ ਗੰਭੀਰ ਹੈ,ਉਨ੍ਹਾਂ ਲਈ 50-50 ਹਜ਼ਾਰ ਰੁਪਏ, ਘੱਟ ਜਖਮ ਹੋਏ ਲੋਕਾਂ ਲਈ 25-25 ਹਜ਼ਾਰ ਰੁਪਏ ਦੀ ਰਾਸ਼ੀ ਦੀ ਘੋਸ਼ਣਾ ਕਰ ਦਿੱਤੀ ਹੈ।