ਮਹਾਰਾਸ਼ਟਰ ‘ਚ ਚੱਲ ਰਹੇ ਸਿਆਸੀ ਸੰਕਟ ਦੀ ਲੜਾਈ ਊਧਵ ਠਾਕਰੇ ਹਾਰ ਗਏ ਹਨ. ਦਰਸਲ ਸੁਪਰੀਮ ਕੋਰਟ ਨੇ 30 ਜੂਨ ਨੂੰ ਫਲੋਰ ਟੈਸਟ ਨੂੰ ਲੈ ਕੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਰਾਤ ਕਰੀਬ 9 ਵਜੇ ਆਪਣਾ ਫੈਸਲਾ ਸੁਣਾਇਆ। ਪਰ ਊਧਵ ਠਾਕਰੇ ਨੇ ਫਲੋਰ ਟੈਸਟ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।… ਠਾਕਰੇ ਨੇ ਸੁਪਰੀਮ ਕੋਰਟ ਵੱਲੋਂ ਫਲੋਰ ਟੈਸਟ ਦਾ ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਫੇਸਬੁੱਕ ਲਾਈਵ ਕੀਤਾ। ਊਧਵ ਨੇ ਲਾਈਵ ‘ਚ ਕਿਹਾ ਕਿ ਮੇਰਾ ਫਲੋਰ ਟੈਸਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡ ਰਿਹਾ ਹਾਂ। ਵਿਧਾਨ ਪ੍ਰੀਸ਼ਦ ਦੇ ਮੈਂਬਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਰਿਹਾ ਹਾਂ । ਠਾਕਰੇ ਨੇ ਕਿਹਾ ਕਿ ਮੇਰੇ ਕੋਲ ਸ਼ਿਵ ਸੈਨਾ ਹੈ ਅਤੇ ਇਸ ਨੂੰ ਕੋਈ ਮੇਰੇ ਤੋਂ ਨਹੀਂ ਖੋਹ ਸਕਦਾ।
ਫਲੋਰ ਟੈਸਟ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ- ਊਧਵ ਠਾਕਰੇ
ਅਸਤੀਫਾ ਦੇਣ ਤੋਂ ਬਾਅਦ ਠਾਕਰੇ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਹੋਣ ਵਾਲੇ ਫਲੋਰ ਟੈਸਟ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਮੇਰੇ ਨਾਲ ਲੋਕਾਂ ਨੇ ਧੋਖਾ ਕੀਤਾ, ਮੈਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਕੋਈ ਦੁੱਖ ਨਹੀਂ ਹੈ। ਊਧਵ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਸ਼ਿਵ ਸੈਨਿਕ ਸੜਕ ‘ਤੇ ਆ ਕੇ ਖੂਨ ਵਹਾਉਣ।
ਬੀਜੇਪੀ ਨੇ ਮਨਾਇਆ ਜਸ਼ਨ
ਊਧਵ ਠਾਕਰੇ ਦੇ ਅਸਤੀਫਾ ਤੋਂ ਬਾਅਦ ਬੀਜੇਪੀ ਜਸ਼ਨ ਮਨਾ ਰਹੀ ਹੈ. ਏਕਨਾਥ ਸ਼ਿੰਦੇ ਦੇ ਘਰ ਦੇ ਬਾਹਰ ਪਟਾਕੇ ਚਲਾਏ ਗਏ ਅਤੇ ਮਠਿਆਈਆਂ ਵੰਡੀਆਂ ਗਈਆਂ। ਭਾਜਪਾ ਨੇਤਾ ਅਮਿਤ ਮਾਲਵੀਆ ਨੇ ਤੰਜ ਕਸਦਿਆਂ ਕਿਹਾ ਕਿ ਬਾਲਾ ਸਾਹਿਬ ਠਾਕਰੇ ਅਜਿਹੇ ਵਿਅਕਤੀ ਸਨ ਜੋ ਸੱਤਾ ‘ਚ ਨਾ ਹੁੰਦੇ ਹੋਏ ਵੀ ਸਰਕਾਰਾਂ ਨੂੰ ਕੰਟਰੋਲ ਕਰ ਸਕਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਸੱਤਾ ‘ਚ ਹੁੰਦਿਆਂ ਵੀ ਆਪਣੀ ਪਾਰਟੀ ਨੂੰ ਕਾਬੂ ਨਹੀਂ ਕਰ ਸਕੇ।