ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਦਿੱਲੀ ‘ਚ ਪਿਛਲੇ ਹਫਤੇ ਦੋ-ਤਿੰਨ ਵਾਰ ਧਰਤੀ ਹਿੱਲੀ, ਜਿਸ ਤੋਂ ਬਾਅਦ ਅੱਜ ਪੰਜਾਬ ਦੇ ਕਈ ਇਲਾਕਿਆਂ ‘ਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 3.42 ਵਜੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 4.1 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਪੰਜਾਬ, ਪਾਕਿਸਤਾਨ ਵਿੱਚ ਸੀ। ਭੂਚਾਲ ਦੀ ਡੂੰਘਾਈ 120 ਕਿਲੋਮੀਟਰ ਦੱਸੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੇਪਾਲ ‘ਚ 5.4 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦੇ ਝਟਕੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਤੋਂ ਲੈ ਕੇ ਉੱਤਰਾਖੰਡ ਤੱਕ ਮਹਿਸੂਸ ਕੀਤੇ ਗਏ ਸਨ।