ਬੈਂਕਾਕ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਯਾਤਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ । ਏਅਰਲਾਈਨ ਵੱਲੋਂ ਸੋਮਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਹੈ। ਇੰਡੀਗੋ ਦੇ ਅਨੁਸਾਰ ਫਲਾਈਟ ਦੌਰਾਨ ਇਕ ਯਾਤਰੀ ਨੂੰ ਦਿਲ ਦਾ ਦੌਰਾ ਪਾ ਗਿਆ, ਜਿਸ ਤੋਂ ਬਾਅਦ ਫਲਾਈਟ ਦੀ ਮਿਆਂਮਾਰ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ । ਹਾਲੇ ਤੱਕ ਏਅਰਲਾਈਨਜ਼ ਨੇ ਯਾਤਰੀ ਬਾਰੇ ਕੋਈ ਸੂਚਨਾ ਨਹੀਂ ਦਿੱਤੀ।
ਏਅਰਲਾਈਨ ਦੇ ਅਨੁਸਾਰ, ਇੰਡੀਗੋ ਦੀ ਫਲਾਈਟ ਨੰਬਰ 6E-57 ਨੇ ਆਪਣੇ ਸਮਾਂ-ਸਾਰਣੀ ਮੁਤਾਬਕ ਐਤਵਾਰ ਸ਼ਾਮ 4 ਵਜੇ ਬੈਂਕਾਕ ਤੋਂ ਮੁੰਬਈ ਲਈ ਉਡਾਣ ਭਰੀ ਸੀ | ਉਡਾਣ ਤੋਂ ਇੱਕ ਘੰਟੇ ਬਾਅਦ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਦੀ ਸਿਹਤ ਖ਼ਰਾਬ ਹੋ ਗਈ। ਇਸ ਦੀ ਜਾਣਕਾਰੀ ਕਰੂ ਮੈਂਬਰਾਂ ਨੇ ਏਅਰਪੋਰਟ ਅਥਾਰਟੀ ਨੂੰ ਭੇਜੀ । ਜਾਣਕਾਰੀ ਮਿਲਣ ਤੋਂ ਬਾਅਦ ਜਹਾਜ਼ ਨੂੰ ਮਿਆਂਮਾਰ ਹਵਾਈ ਅੱਡੇ ਵੱਲ ਮੋੜਿਆ ਗਿਆ ।
ਇੰਡੀਗੋ ਦੇ ਅਨੁਸਾਰ ਮੈਡੀਕਲ ਟੀਮ ਪਹਿਲਾਂ ਹੀ ਏਅਰਪੋਰਟ ‘ਤੇ ਹਾਜ਼ਰ ਸੀ ਪਰ ਇਲਾਜ ਤੋਂ ਪਹਿਲਾਂ ਹੀ ਵਿਅਕਤੀ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਯਾਤਰੀ ਨੂੰ ਦਿਲ ਦਾ ਦੌਰਾ ਪਾ ਗਿਆ ਸੀ। ਇਸ ਤੋਂ ਬਾਅਦ ਲਗਭਗ ਪੰਜ ਘੰਟੇ ਬਾਅਦ ਜਹਾਜ਼ ਨੇ ਫਿਰ ਉਡਾਣ ਭਰੀ। ਯਾਤਰੀ ਦੇ ਬਾਰੇ ਹਾਲੇ ਤੱਕ ਕੋਈ ਸੂਚਨਾ ਨਹੀਂ ਮਿਲੀ |
ਦੱਸਿਆ ਜਾ ਰਿਹਾ ਹੈ ਕਿ ਇੱਕ ਹਫ਼ਤੇ ਵਿੱਚ ਇਹ ਤੀਜੀ ਘਟਨਾ ਵਾਪਰੀ ਹੈ, ਜਦੋਂ ਮੈਡੀਕਲ ਐਮਰਜੈਂਸੀ ਕਾਰਨ ਜਹਾਜ਼ ਦੀ ਲੈਂਡਿੰਗ ਕੀਤੀ ਗਈ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਹੀ ਯਾਤਰੀ ਦੀ ਮੌਤ ਹੋ ਚੁੱਕੀ ਸੀ।