ਬਟਾਲਾ: ਬਟਾਲਾ ‘ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਆਖਿਰਕਾਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪਿੰਡ ਵਿੱਚ ਲੁਕੇ ਗੈਂਗਸਟਰ ਬਬਲੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ‘ਚ ਗੈਂਗਸਟਰ ਨੂੰ ਵੀ ਗੋਲੀ ਲੱਗੀ ਹੈ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਗੈਂਗਸਟਰਾਂ ਵੱਲੋਂ 30 ਅਤੇ ਪੁਲਿਸ ਵੱਲੋਂ 40 ਦੇ ਕਰੀਬ ਫਾਇਰ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਗੈਂਗਸਟਰ ਬਬਲੂ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਰਣਜੋਤ ਸਿੰਘ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ 6 ਕੇਸ ਦਰਜ ਹਨ। ਪੁਲੀਸ ਨੇ ਸਵੇਰੇ ਉਸ ਦੇ ਘਰ ਛਾਪਾ ਮਾਰਿਆ ਪਰ ਉਹ ਉਥੋਂ ਫਰਾਰ ਹੋ ਗਿਆ। ਪੁਲੀਸ ਨੇ ਉਸ ਦਾ ਪਿੱਛਾ ਕੀਤਾ ਪਰ ਉਸ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ‘ਚ ਉਹ ਜ਼ਖਮੀ ਹੋ ਗਿਆ। ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ।
ਗੌਰਤਲਬ ਹੈ ਕਿ ਬਬਲੂ ਖ਼ਿਲਾਫ਼ ਚਾਰ-ਪੰਜ ਕੇਸ ਦਰਜ ਹਨ। ਇੰਨਾ ਹੀ ਨਹੀਂ ਪਿਛਲੇ 15 ਦਿਨਾਂ ‘ਚ ਉਸ ‘ਤੇ ਦੋ ਕਾਤਲਾਨਾ ਹਮਲੇ ਦੇ ਮਾਮਲੇ ਵੀ ਦਰਜ ਹਨ। ਇਸ ਦੇ ਨਾਲ ਹੀ ਅੱਜ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਬਟਾਲਾ ਦੇ ਪਿੰਡ ‘ਚ ਲੁਕਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਐਨਕਾਊਂਟਰ ਕਰਨ ਲਈ ਮੈਦਾਨ ‘ਚ ਆ ਗਈ। ਪਿੰਡ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਚਾਰ ਘੰਟੇ ਚੱਲੇ ਇਸ ਮੁਕਾਬਲੇ ਵਿੱਚ ਆਖਿਰਕਾਰ ਪੁਲਿਸ ਨੂੰ ਕਾਮਯਾਬੀ ਮਿਲੀ।