ਪੰਜਾਬ ਦੇ ਕਪੂਰਥਲਾ ਨੇੜੇ ਪਿੰਡ ਤਲਵੰਡੀ ਕੂਕਾਂ ਦੇ 22 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ‘ਚ ਮੌਤ ਹੋ ਚੁੱਕੀ ਹੈ। ਨੌਜਵਾਨ ਦੀ ਮੌਤ ਦਾ ਪਤਾ ਲੱਗਣ ‘ਤੇ ਪਰਿਵਾਰ ਅਤੇ ਪਿੰਡ ਦੇ ਵਿੱਚ ਉਦਾਸੀ ਦਾ ਮਾਹੌਲ ਹੈ । ਮਰਨ ਵਾਲੇ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਜੋਂ ਕੀਤੀ ਗਈ ਹੈ। ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਨੇ ਕਿਹਾ ਕਿ ਘਰ ਦੇ ਹਾਲਾਤ ਨੂੰ ਸਹੀ ਕਰਨ ਲਈ ਕਰਜ਼ਾ ਚੁੱਕ ਕੇ 5 ਸਾਲ ਪਹਿਲਾਂ ਅਮਰੀਕਾ ਗਿਆ ਸੀ।
ਮ੍ਰਿਤਕ ਨੌਜਵਾਨ ਵਿਦੇਸ਼ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਅਮਰੀਕਾ ਵਿੱਚ ਨੌਜਵਾਨ ਪੀ.ਆਰ ਹੋਇਆ ਸੀ ਤੇ ਥੋੜ੍ਹੇ ਸਮੇਂ ‘ਚ ਨੌਜਵਾਨ ਨੂੰ ਗ੍ਰੀਨ ਕਾਰਡ ਮਿਲ ਜਾਣਾ ਸੀ | ਵਿਦੇਸ਼ ‘ਚ ਰਹਿਣ ਵਾਲੇ ਪਰਿਵਾਰ ਦੇ ਮੈਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਵਿੰਦਰ ਸਿੰਘ ਟਰੱਕ ਲੈ ਕੇ ਮੈਰੀਲੈਂਡ ਸ਼ਹਿਰ ਵੱਲ ਜਾ ਰਿਹਾ ਸੀ। ਇਸੇ ਸਮੇਂ ਦੌਰਾਨ ਜਦੋਂ ਨੌਜਵਾਨ ਟਰੱਕ ਤੋਂ ਹੇਠਾਂ ਉਤਰ ਕੇ ਦੁਕਾਨ ‘ਤੇ ਜਾ ਰਿਹਾ ਸੀ ਤਾਂ ਤੇਜ਼ ਰਫਤਾਰ ਗੱਡੀ ਨੇ ਨੌਜਵਾਨ ਨੂੰ ਟੱਕਰ ਮਾਰੀ ‘ਤੇ ਰਾਜਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਚੁੱਕੀ ਸੀ ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਬਹੁਤ ਔਖੇ ਹੋ ਕੇ ਰਾਜਵਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਸੀ। ਪਿੰਡ ਦੇ ਲੋਕਾਂ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਨੌਜਵਾਨ ਦੀ ਲਾਸ਼ ਨੂੰ ਭਾਰਤ ਲੈ ਕੇ ਆਉਣ ਦਾ ਇੰਤਜ਼ਾਮ ਕੀਤਾ ਜਾਵੇ।