ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹਰਜੋਤ ਸਿੰਘ ਬੈਂਸ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਚਨਚੇਤ ਨਿਰੀਖਣ ਕਰਨ ਪਹੁੰਚਣਗੇ। ਉਨ੍ਹਾਂ ਵੱਲੋ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ ਕਿ ਸਕੂਲਾਂ ਵਿਚ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾ ਰਹੇ ਹਨ। ਹਰਜੋਤ ਸਿੰਘ ਬੈਂਸ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ‘ਆਪ’ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਦੀ ਜ਼ਮੀਨੀ ਪੱਧਰ ’ਤੇ ਪੁਸ਼ਟੀ ਕਰਨ ਵਾਲੇ ਹਨ |
ਸੂਚਨਾ ਦੇ ਅਨੁਸਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਕੂਲਾਂ ‘ਚ ਇਸ ਸਾਲ ਵਿੱਚ ਕਿੰਨੇ ਨਵੇਂ ਦਾਖ਼ਲੇ ਕੀਤੇ ਗਏ ਹਨ, ਅਧਿਆਪਕਾਂ ਵੱਲੋ ਕਿੰਨੀਆਂ ਕਿਤਾਬਾਂ ਅਤੇ ਵਰਦੀਆਂ ਵੰਡ ਦਿੱਤੀਆਂ ਗਈਆਂ ਹਨ, ਇਸ ਗੱਲ ਦਾ ਵੀ ਹਿਸਾਬ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਬੈਂਸ 4 ਅਪ੍ਰੈਲ ਤੋਂ 29 ਅਪ੍ਰੈਲ ਤੱਕ ਕਿਸੇ ਨਾ ਕਿਸੇ ਸਕੂਲ ‘ਚ ਅਚਨਚੇਤ ਨਿਰੀਖਣ ਕਰਨ ਪਹੁੰਚਣਗੇ ।
ਦੱਸਿਆ ਜਾ ਰਿਹਾ ਹੈ ਕਿ 6 ਅਪ੍ਰੈਲ ਨੂੰ ਰੋਪੜ ਅਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮ੍ਰਿਤਸਰ, 12 ਅਤੇ 13 ਅਪ੍ਰੈਲ ਨੂੰ ਤਰਨਤਾਰਨ, ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਬਰਨਾਲਾ, ਇਸ ‘ਤੋਂ ਬਾਅਦ 24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ‘ਚ ਛਾਪੇਮਾਰੀ ਕਰਨ ਵਾਲੇ ਹਨ ।