ਪਾਕਿਸਤਾਨ ਵੱਲੋਂ ਪੰਜਾਬ ਸਰਹੱਦ ‘ਤੇ ਡਰੋਨ ਭੇਜਣ ਦਾ ਸਿਲਸਿਲਾ ਜਾਰੀ ਹੈ। ਅੰਮ੍ਰਿਤਸਰ ਬਾਰਡਰ ‘ਤੇ ਡਰੋਨ ਨੂੰ ਡੇਗਣ ਦੇ 24 ਘੰਟਿਆਂ ਦੇ ਅੰਦਰ, ਤਸਕਰਾਂ ਨੇ ਇਕ ਹੋਰ ਡਰੋਨ ਭੇਜ ਦਿੱਤਾ, ਪਰ ਸੀਮਾ ਸੁਰੱਖਿਆ ਬਲ ਦੇ ਜਵਾਨ ਇਸ ਨੂੰ ਵਾਪਸ ਭਜਾਉਣ ‘ਚ ਸਫਲ ਰਹੇ। ਹੁਣ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਘਟਨਾ ਤਰਨਤਾਰਨ ਸਰਹੱਦ ਦੇ ਪਿੰਡ ਕਾਲਸ ਦੀ ਹੈ। ਬੀਐਸਐਫ ਦੀ ਅਮਰਕੋਟ ਤੈਨਾਤ ਬਟਾਲੀਅਨ 103 ਦੇ ਜਵਾਨ ਗਸ਼ਤ ’ਤੇ ਸੀ । ਅੱਧੀ ਰਾਤ ਨੂੰ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਾਰੇ ਜਵਾਨਾਂ ਵੱਲੋਂ 23 ਰਾਉਂਡ ਫਾਇਰ ਕੀਤੇ ਗਏ। ਕੁਝ ਮਿੰਟਾਂ ਬਾਅਦ ਡਰੋਨ ਦੀ ਆਵਾਜ਼ ਪਾਕਿਸਤਾਨ ਵੱਲ ਮੁੜ ਗਈ ਅਤੇ ਆਉਣੀ ਬੰਦ ਹੋ ਗਈ।
ਬੀਐਸਐਫ ਨੇ ਇਸ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਦਿੱਤੀ। ਹੁਣ ਪੰਜਾਬ ਪੁਲਿਸ ਅਤੇ ਬੀਐਸਐਫ ਬਟਾਲੀਅਨ 103 ਦੇ ਜਵਾਨਾਂ ਵੱਲੋਂ ਅਮਰਕੋਟ ਅਤੇ ਪਿੰਡ ਕੰਲਾਂ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ ।
ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਵੀ ਪਾਕਿਸਤਾਨੀ ਡਰੋਨ 2.11 ਵਜੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੇੜੇ ਦਾਖਲ ਹੋਇਆ ਸੀ। ਇਸ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨ ਚੌਕਸ ਹੋ ਗਏ ਅਤੇ ਡਰੋਨ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਆਵਾਜ਼ ਬੰਦ ਹੋ ਗਈ। ਜਦੋਂ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਡਰੋਨ ਸਰਹੱਦ ਨੇੜੇ ਡਿੱਗਿਆ ਮਿਲਿਆ।