ਚੰਡੀਗੜ੍ਹ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਗੈਂਗਵਾਰ ‘ਤੇ ਨਕੇਲ ਕੱਸਣ ਦੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਗੈਂਗਸਟਰ ਖੁੱਲ੍ਹੇਆਮ ਪੋਸਟਾਂ ਪਾ ਰਹੇ ਹਨ। ਜਿਸ ਵਿੱਚ ਉਹ ਕਦੇ ਮੰਤਰੀਆਂ ਅਤੇ ਕਦੇ ਡੀਜੀਪੀ ਨੂੰ ਧਮਕੀਆਂ ਦਿੰਦਾ ਹੈ ਅਤੇ ਕਦੇ ਪੰਜਾਬ ਦੇ ਹਾਲਾਤ ਵਿਗਾੜਨ ਦੀ ਚੇਤਾਵਨੀ ਦਿੰਦਾ ਹੈ। ਹੁਣ ਇਨ੍ਹਾਂ ਗੈਂਗਸਟਰਾਂ ਨੇ ਆਨਲਾਈਨ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਨ੍ਹੀਂ ਦਿਨੀਂ ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਲੋਕਾਂ ਨੂੰ ਗੈਂਗ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਨੰਬਰ ਕੀਤਾ ਗਿਆ ਜਾਰੀ
ਸਾਹਮਣੇ ਆਈ ਪੋਸਟ ‘ਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ‘ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। 77400-13056 ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਜਾਂਦਾ ਹੈ। ਇਸ ਦੇ ਵਟਸਐਪ ਨੰਬਰ ਦੀ ਡੀਪੀ ‘ਤੇ ਦਵਿੰਦਰ ਬੰਬੀਹਾ ਦੀ ਫੋਟੋ ਵੀ ਲੱਗੀ ਹੋਈ ਹੈ। ਹਾਲਾਂਕਿ ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਤੇ ਵੀ ਸਵਾਲ ਖੜੇ ਹੋ ਰਹੇ ਹਨ ਕਿਉਂਕਿ ਇੱਕ ਪਾਸੇ ਪੁਲਿਸ ਸੂਬੇ ‘ਚ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਗੈਂਗਸਟਰ ਲੋਕਾਂ ਨੂੰ ਖੁੱਲ੍ਹੇਆਮ ਆਪਣੇ ਗਰੁੱਪ ‘ਚ ਸ਼ਾਮਲ ਹੋਣ ਲਈ ਕਹਿ ਰਹੇ ਹਨ।