ਗੁਰੂਗ੍ਰਾਮ: ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ (ਡੀਟੀਸੀਪੀ) ਨੇ ਸੋਹਾਣਾ ਵਿੱਚ ਦਮਦਮਾ ਝੀਲ ਨੇੜੇ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਇੱਕ ਫਾਰਮ ਹਾਊਸ ਸਮੇਤ ਤਿੰਨ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।ਅਧਿਕਾਰੀਆਂ ਮੁਤਾਬਕ ਸੋਨੀਆ ਘੋਸ਼ ਬਨਾਮ ਹਰਿਆਣਾ ਰਾਜ ਮਾਮਲੇ ‘ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੰਗਲਵਾਰ ਨੂੰ ਤਿੰਨ ਫਾਰਮ ਹਾਊਸਾਂ ਦੇ ਖਿਲਾਫ ਸੀਲ ਕਰਨ ਦੀ ਮੁਹਿੰਮ ਚਲਾਈ ਗਈ ਸੀ।
ਜ਼ਿਲ੍ਹਾ ਟਾਊਨ ਪਲਾਨਰ ਅਮਿਤ ਮਧੋਲੀਆ ਦੀ ਅਗਵਾਈ ਹੇਠ ਸਹਾਇਕ ਟਾਊਨ ਪਲਾਨਰ (ਏ.ਐੱਸ.ਟੀ.) ਸੁਮਿਤ ਮਲਿਕ, ਦਿਨੇਸ਼ ਸਿੰਘ, ਰੋਹਨ ਅਤੇ ਸ਼ੁਭਮ ਨੇ ਡਿਊਟੀ ਮੈਜਿਸਟਰੇਟ ਲਛੀਰਾਮ, ਨਾਇਬ ਤਹਿਸੀਲਦਾਰ ਸੋਹਾਣਾ ਦੀ ਹਾਜ਼ਰੀ ਵਿੱਚ ਸੀਲਿੰਗ ਅਭਿਆਨ ਚਲਾਇਆ। ਟੀਮ ਦੇ ਨਾਲ ਸੋਹਾਣਾ ਸਦਰ ਥਾਣੇ ਦੀ ਪੁਲੀਸ ਵੀ ਤਾਇਨਾਤ ਸੀ।
ਜ਼ਿਲ੍ਹਾ ਟਾਊਨ ਪਲਾਨਰ (ਡੀਟੀਪੀ) ਅਮਿਤ ਮਧੋਲੀਆ ਨੇ ਕਿਹਾ, “ਇਹ ਅਥਾਰਟੀ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਝੀਲ ਦੇ ਭੰਡਾਰ ਖੇਤਰ ਵਿੱਚ ਬਣਾਏ ਗਏ ਅਣਅਧਿਕਾਰਤ ਫਾਰਮ ਹਾਊਸ ਸਨ। ਇਹ ਅਰਾਵਲੀ ਖੇਤਰ ਵਿੱਚ ਸਥਿਤ ਸਨ। ਇਸ ਦੀ ਪੁਸ਼ਟੀ ਕਰਦਿਆਂ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਵਿੱਚੋਂ ਇੱਕ ਫਾਰਮ ਹਾਊਸ ਗਾਇਕ ਦਲੇਰ ਮਹਿੰਦੀ ਦਾ ਹੈ, ਜੋ ਕਰੀਬ ਡੇਢ ਏਕੜ ਜ਼ਮੀਨ ਵਿੱਚ ਬਣਿਆ ਹੈ।