ਨਵੀਂ ਦਿੱਲੀ: ਭਾਰਤ ਵਿੱਚ ਕਿਸਾਨ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਦੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕਈ ਵਿਦੇਸ਼ੀ ਹਸਤੀਆਂ ਸਮੇਤ ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਇਸ ਵਿਚ ਪੰਜਾਬੀ ਗਾਇਕ ਜੈਜ਼ੀ ਬੀ ਦਾ ਨਾਂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਟਵਿਟਰ ਅਕਾਊਂਟ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਪਿਛਲੇ ਸਾਲ ਦਸੰਬਰ ‘ਚ ਸਿੰਘੂ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ।
ਭਾਰਤ ‘ਚ ਪੰਜਾਬੀ ਗਾਇਕ ਜੈਜ਼ੀ ਬੀ ਦੇ ਟਵਿਟਰ ਅਕਾਊਂਟ ਨੂੰ ਸਰਚ ਕਰਨ ‘ਤੇ ਲੋਕਾਂ ਨੂੰ ਮੈਸੇਜ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਅਕਾਊਂਟ ਨੂੰ ਭਾਰਤ ‘ਚ ਕਾਨੂੰਨੀ ਬੇਨਤੀ ਕਾਰਨ ਬੈਨ ਕਰ ਦਿੱਤਾ ਗਿਆ ਹੈ। ਜੈਜ਼ੀ ਬੀ ਤੋਂ ਇਲਾਵਾ ਆਸਟ੍ਰੇਲੀਅਨ ਗਾਇਕ ਸੁਖਦੀਪ ਸਿੰਘ ਭੋਗਲ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਜਿਸ ਕਾਰਨ ਉਸ ਦੇ ਅਕਾਊਂਟ ਨੂੰ ਭਾਰਤ ‘ਚ ਵੀ ਬੈਨ ਕਰ ਦਿੱਤਾ ਗਿਆ ਹੈ। ਸੁਖਦੀਪ ਸਿੰਘ ਭੋਗਲ ਨੂੰ ਐਲ-ਫਰੇਸ਼ ਦ ਲਾਇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅੰਦੋਲਨ ਨਾਲ ਜੁੜੇ ਭੜਕਾਊ ਸੰਦੇਸ਼ਾਂ ਅਤੇ ਗਲਤ ਜਾਣਕਾਰੀਆਂ ਨੂੰ ਰੋਕਣ ਲਈ ਭਾਰਤ ਸਰਕਾਰ ਨੇ 500 ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਸਨ। ਅਤੇ ਹਾਲ ਹੀ ਵਿੱਚ, 6 ਜੂਨ ਨੂੰ, ਭਾਰਤ ਸਰਕਾਰ ਨੇ ਕੰਪਨੀ ਨੂੰ ਭਾਰਤ ਵਿੱਚ 4 ਖਾਤੇ ਫ੍ਰੀਜ਼ ਕਰਨ ਲਈ ਇੱਕ ਕਾਨੂੰਨੀ ਬੇਨਤੀ ਕੀਤੀ ਸੀ।