ਕੈਨੇਡਾ ‘ਚ ਪੰਜਾਬ ਦੇ ਬਨੂੜ ਦੀ ਕੁੜੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ | ਪੰਜਾਬ ਦੇ ਬਨੂੜ ਦੀ ਵਾਸੀ ਕੋਮਲਪ੍ਰੀਤ ਕੌਰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਕੈਨੇਡਾ ਗਈ ਸੀ। ਕੋਮਲਪ੍ਰੀਤ ਕੌਰ ਭਾਰਤੀ ਸਮੇਂ ਮੁਤਾਬਿਕ ਸਵੇਰੇ 6.46 ਵਜੇ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਸਾਥੀ ਕੁੜੀਆਂ ਨਾਲ ਕੰਮ ‘ਤੇ ਜਾ ਹੀ ਰਹੀ ਸੀ ਕਿ ਰਸਤੇ ਵਿੱਚ ਚਾਰ ਵਾਹਨਾਂ ਦਾ ਆਪਸ ‘ਚ ਟਕਰਾਅ ਹੋ ਗਿਆ |
ਇੰਨੀ ਜ਼ੋਰਦਾਰ ਟੱਕਰ ਹੋਈ ਸੀ ਕਿ ਚਾਰੇ ਵਾਹਨਾਂ ਦਾ ਬਹੁਤ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਇਸੇ ਦੌਰਾਨ ਕੋਮਲਪ੍ਰੀਤ ਕੌਰ ਦੀ ਗੱਡੀ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਅਤੇ ਉਹ ਸੜਕ ‘ਤੇ ਜਾ ਡਿੱਗਦੀ ਹੈ। ਕੋਮਲਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਇਸ ਘਟਨਾ ਦੌਰਾਨ ਇੱਕ ਆਦਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਕਤ ਵਿਅਕਤੀ ਨੂੰ ਬਰੈਂਪਟਨ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
ਕੋਮਲਪ੍ਰੀਤ ਕੌਰ ਦੇ ਪਿਤਾ ਜੋਧਾ ਸਿੰਘ ਦੀ ਦੋ ਮਹੀਨੇ ਪਹਿਲਾਂ ਕੈਂਸਰ ਨਾਲ ਮੌਤ ਹੋ ਚੁੱਕੀ ਸੀ। ਪਿਤਾ ਦੀ ਮੌਤ ਮਗਰੋਂ ਕੋਮਲਪ੍ਰੀਤ ਅਤੇ ਉਸ ਦੇ ਭਰਾ ਦੀਦਾਰ ਸਿੰਘ ਨੂੰ ਉਨ੍ਹਾਂ ਦੀ ਮਾਂ ਨੇ ਚੰਗੇ ਭਵਿੱਖ ਲਈ ਕੈਨੇਡਾ ਭੇਜ ਦਿੱਤਾ ਸੀ। ਬੇਟੀ ਦੀ ਮੌਤ ਦੀ ਖ਼ਬਰ ਨਾਲ ਮਾਂ ਬੇਹੋਸ਼ ਹੋ ਗਈ ਹੈ,ਕੋਮਲਪ੍ਰੀਤ ਕੌਰ ਦੀ ਮੌਤ ਦੀ ਸੂਚਨਾ ਮਿਲਣ ਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਕੋਮਲਪ੍ਰੀਤ ਦੀ ਮਾਤਾ ਨੇ ਸੀਐਮ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ ਧੀ ਦੀ ਮ੍ਰਿਤਕ ਲਾਸ਼ ਨੂੰ ਭਾਰਤ ਲੈ ਕੇ ਆਉਣ ਦਾ ਇੰਤਜਾਮ ਕਰ ਦੇਣ ਤਾਂ ਜੋ ਉਹ ਆਪਣੀ ਬੇਟੀ ਨੂੰ ਅਖ਼ੀਰਲੀ ਵਾਰ ਦੇਖ ਲੈਣ ਅਤੇ ਅੰਤਿਮ ਸੰਸਕਾਰ ਕਰ ਵੀ ਸਕੇ।