ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਮੁਖੀ ਜਨਰਲ ਬਾਜਵਾ ਦੀ ਥਾਂ ‘ਤੇ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਲਈ ਫ਼ੌਜ ਦੇ ਹੈੱਡਕੁਆਰਟਰ ਵੱਲੋਂ ਰੱਖਿਆ ਮੰਤਰਾਲੇ ਨੂੰ 6 ਨਾਂਅ ਭੇਜੇ ਗਏ ਸਨ, ਜਿਨ੍ਹਾਂ ‘ਚੋਂ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਪਾਕਿਸਤਾਨ ਦਾ ਨਵਾਂ ਫ਼ੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਸੂਚੀ ‘ਚ ਲੈਫਟੀਨੈਂਟ ਜਨਰਲ ਆਸਿਮ ਮੁਨੀਰ, ਸਾਹਿਰ ਸ਼ਮਸ਼ਾਦ, ਅਜ਼ਹਰ ਅੱਬਾਸ, ਨੌਮਾਨ ਮਹਿਮੂਦ, ਫੈਜ਼ ਹਾਮਿਦ ਅਤੇ ਮੁਹੰਮਦ ਆਮਿਰ ਦੇ ਨਾਂ ਸ਼ਾਮਲ ਸਨ। ਆਸਿਮ ਮੁਨੀਰ ਸ਼ਾਹਬਾਜ਼ ਸਰਕਾਰ ਦੀ ਪਹਿਲੀ ਪਸੰਦ ਸਨ, ਜਦਕਿ ਇਮਰਾਨ ਖਾਨ ਨੇ ਜਨਰਲ ਫੈਜ਼ ਨੂੰ ਨਵਾਂ ਫੌਜ ਮੁਖੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
“ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ਼ ਨੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਦਾ ਚੇਅਰਮੈਨ ਅਤੇ ਲੈਫ਼ਟੀਨੈਂਟ ਜਨਰਲ ਸਈਦ ਆਸਿਮ ਮੁਨੀਰ ਨੂੰ ਥਲ ਸੈਨਾ ਮੁਖੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ।” ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕੀਤਾ ਹੈ। ਔਰੰਗਜ਼ੇਬ ਨੇ ਕਿਹਾ ਕਿ ਇਸ ਦਾ ਸਾਰ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਭੇਜ ਦਿੱਤਾ ਗਿਆ ਹੈ।
61 ਸਾਲਾ ਜਨਰਲ ਬਾਜਵਾ ਤਿੰਨ ਸਾਲ ਦੇ ਵਾਧੇ ਤੋਂ ਬਾਅਦ ਅਗਲੇ ਹਫ਼ਤੇ ਸੇਵਾਮੁਕਤ ਹੋਣ ਵਾਲੇ ਹਨ। ਮੰਗਲਵਾਰ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਰੱਖਿਆ ਮੰਤਰਾਲੇ ਤੋਂ ਸਮਰੀ ਪੀਐੱਮਓ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਬਾਕੀ ਪੜਾਅ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਗਠਜੋੜ ਸਰਕਾਰ ਉਸ ਨਾਲ ਨਜਿੱਠੇਗੀ।