ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਵਿੱਚ 343 ਬੱਚਿਆਂ ਸਮੇਤ 937 ਲੋਕਾਂ ਦੇ ਮਾਰੇ ਜਾਣ ਅਤੇ ਘੱਟੋ-ਘੱਟ 30 ਮਿਲੀਅਨ ਲੋਕਾਂ ਦੇ ਬੇਘਰ ਹੋਣ ਤੋਂ ਬਾਅਦ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਅਨੁਸਾਰ, ਸਿੰਧ ਸੂਬੇ ਵਿੱਚ 14 ਜੂਨ ਤੋਂ ਵੀਰਵਾਰ ਤੱਕ ਹੜ੍ਹ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 306 ਲੋਕਾਂ ਦੀ ਮੌਤ ਹੋ ਗਈ ਹੈ। ਮੌਜੂਦਾ ਮੌਨਸੂਨ ਸੀਜ਼ਨ ਵਿੱਚ ਬਲੋਚਿਸਤਾਨ ਵਿੱਚ 234 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਖੈਬਰ ਪਖਤੂਨਖਵਾ ਅਤੇ ਪੰਜਾਬ ਪ੍ਰਾਂਤਾਂ ਵਿੱਚ ਕ੍ਰਮਵਾਰ 185 ਅਤੇ 165 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ 37 ਅਤੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ।
ਰਿਪੋਰਟਾਂ ਮੁਤਾਬਕ NDMA ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ‘ਚ ਅਗਸਤ ਮਹੀਨੇ ‘ਚ 166.8 ਮਿਲੀਮੀਟਰ ਬਾਰਿਸ਼ ਹੋਈ, ਜੋ ਇਸ ਸਮੇਂ ਦੌਰਾਨ ਹੋਈ 48 ਮਿਲੀਮੀਟਰ ਦੀ ਔਸਤ ਬਾਰਿਸ਼ ਤੋਂ 241 ਫੀਸਦੀ ਜ਼ਿਆਦਾ ਹੈ। ਇਸ ਮਾਨਸੂਨ ‘ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਸਿੰਧ ਅਤੇ ਬਲੋਚਿਸਤਾਨ ‘ਚ ਕ੍ਰਮਵਾਰ 784 ਫੀਸਦੀ ਅਤੇ 496 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਬਾਰਿਸ਼ ਦੇ ਅਸਾਧਾਰਨ ਵਾਧੇ ਕਾਰਨ ਪਾਕਿਸਤਾਨ ਦੇ ਦੱਖਣੀ ਹਿੱਸੇ ਵਿੱਚ ਅਚਾਨਕ ਹੜ੍ਹ ਆ ਗਏ, ਜਿਸ ਕਾਰਨ ਸਿੰਧ ਦੇ 23 ਜ਼ਿਲ੍ਹਿਆਂ ਨੂੰ “ਆਫਤ ਪ੍ਰਭਾਵਿਤ” ਘੋਸ਼ਿਤ ਕੀਤਾ ਗਿਆ ਹੈ।
ਇਸ ਦੌਰਾਨ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ NDMA ਵਿਖੇ ‘ਵਾਰ ਰੂਮ’ ਸਥਾਪਿਤ ਕੀਤਾ ਹੈ, ਜੋ ਦੇਸ਼ ਭਰ ‘ਚ ਰਾਹਤ ਕਾਰਜਾਂ ਦੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ “ਭਿਆਨਕ” ਬਾਰਿਸ਼ ਕਾਰਨ “ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਕਰਕੇ ਹੈਲੀਕਾਪਟਰਾਂ ਰਾਹੀਂ।” ਮਾਨਸੂਨ ਦਾ ਅੱਠਵਾਂ ਦੌਰ ਜਾਰੀ ਹੈ, ਆਮ ਤੌਰ ‘ਤੇ ਦੇਸ਼ ਵਿੱਚ ਮਾਨਸੂਨ ਦੀਆਂ ਬਾਰਸ਼ਾਂ ਤਿੰਨ ਤੋਂ ਚਾਰ ਦੌਰ ਵਿੱਚ ਹੁੰਦੀਆਂ ਹਨ। ਪਾਕਿਸਤਾਨ ਬੇਮਿਸਾਲ ਮਾਨਸੂਨ ਦਾ ਸਾਹਮਣਾ ਕਰ ਰਿਹਾ ਹੈ ਅਤੇ ਅੰਕੜਿਆਂ ਅਨੁਸਾਰ ਸਤੰਬਰ ਵਿਚ ਇਕ ਹੋਰ ਦੌਰ ਦੀ ਸੰਭਾਵਨਾ ਹੈ।” ਇਸ ਹਫਤੇ ਦੇ ਸ਼ੁਰੂ ਵਿਚ ਰਹਿਮਾਨ ਨੇ ਮੌਜੂਦਾ ਸਥਿਤੀ ਦੀ 2010 ਦੇ ਵਿਨਾਸ਼ਕਾਰੀ ਹੜ੍ਹਾਂ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਮੌਜੂਦਾ ਸਥਿਤੀ ਇਸ ਤੋਂ ਵੀ ਬਦਤਰ ਹੈ।