ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗੁਰਦੁਆਰੇ ਵਿੱਚ ਉਸ ਸਮੇਂ ਬਵਾਲ ਮੱਚ ਗਿਆ ਜਦੋਂ ਉੱਥੇ ਫਿਲਮ ‘ਲਾਹੌਰ-ਲਾਹੌਰ ਏ’ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਦੌਰਾਨ ਸਟਾਰ ਕਾਸਟ ਅਤੇ ਟੀਮ ਜੁੱਤੀ ਪਾ ਕੇ ਗੁਰਦੁਆਰੇ ‘ਚ ਸ਼ੂਟਿੰਗ ਕਰਦੇ ਨਜ਼ਰ ਆਏ। ਇਹ ਸਭ ਦੇਖ ਕੇ ਉੱਥੇ ਮੌਜੂਦ ਸ਼ਰਧਾਲੂ ਸ਼ੂਟਿੰਗ ਕਰ ਰਹੀ ਟੀਮ ਨਾਲ ਬਹਿਸ ਕਰਨ ਲੱਗ ਪਿਆ ਅਤੇ ਉਨ੍ਹਾਂ ਦੀ ਵੀਡੀਓ ਵੀ ਬਣਾ ਲਈ।
ਸ਼ਰਧਾਲੂਆਂ ਨੇ ਕੀਤਾ ਵਿਰੋਧ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੂਟਿੰਗ ਦੌਰਾਨ 10 ਤੋਂ ਜ਼ਿਆਦਾ ਮੁਸਲਿਮ ਦਸਤਾਰਾਂ ਬੰਨ੍ਹ ਕੇ ਸ਼ੂਟਿੰਗ ਕਰ ਰਹੇ ਸਨ। ਗੁਰਦੁਆਰਾ ਸਾਹਿਬ ਵਿਖੇ ਆਈ ਸੰਗਤ ਨੇ ਜਦੋਂ ਸਟਾਰ ਕਾਸਟ ਅਤੇ ਟੀਮ ਨੂੰ ਜੁੱਤੀਆਂ ਪਾ ਕੇ ਅੰਦਰ ਜਾਂਦੇ ਦੇਖਿਆ ਤਾਂ ਉਨ੍ਹਾਂ ਵਿਰੋਧ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਅਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ ਫਿਲਮ ਦੀ ਸਟਾਰ ਕਾਸਟ ਨੂੰ ਸਿੱਖ ਧਰਮ ਅਤੇ ਮਰਿਆਦਾ ਬਾਰੇ ਦੱਸਦੇ ਹੋਏ ਦਿਖਾਈ ਦਿੱਤੇ। ਸਿੱਖਾਂ ਦੇ ਵਿਰੋਧ ਤੋਂ ਬਾਅਦ ਮੁਸਲਮਾਨ ਕਲਾਕਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਮਹਿਮਾਨ ਕਹਿਣ ਲੱਗੇ।
ਵਿਰੋਧ ਤੋਂ ਬਾਅਦ ਸ਼ੂਟਿੰਗ ਤੇ ਲੱਗੀ ਰੋਕ
ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਮੌਜੂਦ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਅਦਾਕਾਰਾਂ ਨੂੰ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ। ਇਸ ਵੀਡੀਓ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸ਼੍ਰੋਮਣੀ ਕਮੇਟੀ ਦੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ ਹੀ ਫੀਡਬੈਕ ਦਿੱਤਾ ਜਾਵੇਗਾ।