ਪਾਕਿਸਤਾਨ ਦੇ ਸਿੰਧ ਸੂਬੇ ‘ਚ ਸਥਿਤ ਇਕ ਹਸਪਤਾਲ ਦੇ ਸਟਾਫ ਦੀ ਘੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਰਕਾਰੀ ਹਸਪਤਾਲ ਦੇ ਸਟਾਫ ਨੇ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਔਰਤ ਦੀ ਕੁੱਖ ਵਿੱਚ ਛੱਡ ਦਿੱਤਾ। ਇਸ ਘਟਨਾ ਤੋਂ ਬਾਅਦ ਮਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਸੀ।… ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਖਬਰਾਂ ਮੁਤਾਬਕ ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਥਿਤ ਇੱਕ ਪੇਂਡੂ ਸਿਹਤ ਕੇਂਦਰ ਦੀ ਹੈ। ਇੱਥੇ ਇੱਕ 32 ਸਾਲਾ ਗਰਭਵਤੀ ਹਿੰਦੂ ਔਰਤ ਆਪਣੇ ਇਲਾਕੇ ਦੇ ਇੱਕ ਪੇਂਡੂ ਸਿਹਤ ਕੇਂਦਰ (ਆਰ.ਐੱਚ.ਸੀ.) ਗਈ ਸੀ। ਇਹ ਔਰਤ ਥਾਰਪਰਕਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਦੀ ਰਹਿਣ ਵਾਲੀ ਸੀ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਕ ਪ੍ਰੋਫੈਸਰ ਨੇ ਦੱਸਿਆ ਕਿ ਸਿੰਧ ਸੂਬੇ ਦੇ ਥਾਰਪਰਕਰ ਜ਼ਿਲੇ ‘ਚ ਰਹਿਣ ਵਾਲੀ ਇਕ ਗਰਭਵਤੀ ਭੀਲ ਹਿੰਦੂ ਔਰਤ ਆਪਣੇ ਘਰ ਦੇ ਨੇੜੇ ਇਕ ਗ੍ਰਾਮੀਣ ਸਿਹਤ ਕੇਂਦਰ (ਆਰ.ਐੱਚ.ਸੀ.) ਗਈ ਸੀ, ਪਰ ਉੱਥੇ ਕੋਈ ਵੀ ਔਰਤ ਗਾਇਨੀਕੋਲੋਜਿਸਟ ਮੌਜੂਦ ਨਹੀਂ ਸੀ, ਅਜਿਹੀ ਸਥਿਤੀ ‘ਚ ਸਟਾਫ਼ ਨੇ ਔਰਤ ਦਾ ਇਲਾਜ ਕਰਕੇ ਔਰਤ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ।
ਲਿਆਕਤ ਯੂਨੀਵਰਸਿਟੀ ਆਫ਼ ਮੈਡੀਕਲ ਐਂਡ ਹੈਲਥ ਸਾਇੰਸਿਜ਼ (ਐਲਯੂਐਮਐਚਐਸ), ਜਮਸ਼ੋਰੋ ਦੀ ਗਾਇਨੀਕੋਲੋਜੀ ਯੂਨਿਟ ਦੇ ਮੁਖੀ ਰਾਹੀਲ ਸਿਕੰਦਰ ਨੇ ਕਿਹਾ ਕਿ ਆਰਐਚਸੀ ਸਟਾਫ਼ ਨੇ ਐਤਵਾਰ ਦੀ ਸਰਜਰੀ ਦੌਰਾਨ ਅਣਜੰਮੇ ਬੱਚੇ ਦਾ ਸਿਰ ਵੱਢ ਦਿੱਤਾ ਅਤੇ ਫਿਰ ਉਸ ਨੂੰ ਅੰਦਰ ਛੱਡ ਦਿੱਤਾ। ਸਿਕੰਦਰ ਨੇ ਦੱਸਿਆ ਕਿ ਔਰਤ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਮਿੱਠੀ ਦੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਨਾ ਹੋ ਸਕਿਆ। ਔਰਤ ਦੇ ਪਰਿਵਾਰ ਵਾਲੇ ਉਸ ਨੂੰ LUMHS ਲੈ ਕੇ ਆਏ, ਜਿੱਥੇ ਨਵਜੰਮੇ ਬੱਚੇ ਦੇ ਬਾਕੀ ਸਰੀਰ ਨੂੰ ਮਾਂ ਦੀ ਕੁੱਖ ‘ਚੋਂ ਕੱਢ ਦਿੱਤਾ ਗਿਆ। ਅਖੀਰ ਔਰਤ ਦੀ ਜਾਨ ਬਚ ਗਈ। ਸਿਕੰਦਰ ਨੇ ਦੱਸਿਆ ਕਿ ਬੱਚੇ ਦਾ ਸਿਰ ਅੰਦਰ ਹੀ ਫਸਿਆ ਹੋਇਆ ਸੀ ਅਤੇ ਮਾਂ ਦੀ ਬੱਚੇਦਾਨੀ ਫਟ ਗਈ ਸੀ ਅਤੇ ਉਨ੍ਹਾਂ ਨੂੰ ਉਸ ਦੀ ਜਾਨ ਬਚਾਉਣ ਲਈ ਉਸ ਦਾ ਪੇਟ ਖੋਲ੍ਹ ਕੇ ਸਿਰ ਨੂੰ ਬਾਹਰ ਕੱਢਣਾ ਪਿਆ। ਸਰਕਾਰੀ ਹਸਪਤਾਲ ਵੱਲੋਂ ਕੀਤੀ ਗਈ ਘੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਉਣ ‘ਤੇ ਸਿੰਧ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾਕਟਰ ਜੁਮਨ ਬਹੋਤੋ ਨੇ ਜਾਂਚ ਦੇ ਹੁਕਮ ਦਿੱਤੇ ਹਨ।