ਸਿਓਲ: ਦੱਖਣੀ ਕੋਰੀਆ ਦੇ ਸਿਓਲ ਮੈਟਰੋਪੋਲੀਟਨ ਖੇਤਰ ਵਿੱਚ ਭਾਰੀ ਮੀਂਹ ਕਾਰਨ ਗੰਗਨਮ ਜ਼ਿਲ੍ਹੇ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਕਈ ਵਾਹਨ ਡੁੱਬ ਗਏ ਅਤੇ ਜਨਤਕ ਆਵਾਜਾਈ ਪ੍ਰਣਾਲੀ ਵਿੱਚ ਵਿਘਨ ਪਿਆ। ਮੀਂਹ ਨਾਲ ਸਬੰਧੰਤ ਘਟਨਾਵਾਂ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਛੇ ਹੋਰ ਅਜੇ ਵੀ ਲਾਪਤਾ ਹਨ। ਮੰਗਲਵਾਰ ਦੀ ਸਵੇਰ ਨੂੰ, ਐਮਰਜੈਂਸੀ ਸੇਵਾ ਕਰਮਚਾਰੀਆਂ ਦੁਆਰਾ ਰਾਤੋ ਰਾਤ ਸਫਾਈ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਸੜਕਾਂ ਕੁਝ ਹੱਦ ਤੱਕ ਲੋਕਾਂ ਲਈ ਪਹੁੰਚਣ ਯੋਗ ਸਨ। ਸਿਓਲ ਮੈਟਰੋਪੋਲੀਟਨ ਖੇਤਰ ਵਿੱਚ ਜ਼ਿਆਦਾਤਰ ਸਬਵੇਅ ਸੇਵਾਵਾਂ ਆਮ ਤੌਰ ‘ਤੇ ਕੰਮ ਕਰ ਰਹੀਆਂ ਸਨ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਕੁਝ 80 ਸੜਕਾਂ ਅਤੇ ਕਈ ਦਰਿਆ ਕਿਨਾਰੇ ਪਾਰਕਿੰਗ ਸਥਾਨ ਬੰਦ ਰਹੇ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਜਨਤਕ ਅਤੇ ਨਿੱਜੀ ਕੰਪਨੀਆਂ ਨੂੰ ਆਪਣੇ ਸਮੇਂ ਵਿੱਚ ਬਦਲਾਅ ਕਰਨ ਲਈ ਕਿਹਾ ਹੈ ਤਾਂ ਜੋ ਇੱਕੋ ਸਮੇਂ ਜ਼ਿਆਦਾ ਲੋਕ ਯਾਤਰਾ ਨਾ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੁਕੀਆਂ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਅਤੇ ਲੋਕਾਂ ਨੂੰ ਖਤਰਨਾਕ ਥਾਵਾਂ ਤੋਂ ਤੁਰੰਤ ਬਾਹਰ ਕੱਢਿਆ ਜਾਵੇ। ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਮੰਤਰਾਲੇ ਮੁਤਾਬਕ ਸੋਮਵਾਰ ਸਵੇਰੇ ਬਾਰਿਸ਼ ਸ਼ੁਰੂ ਹੋਈ, ਜੋ ਸ਼ਾਮ ਤੱਕ ਤੇਜ਼ ਹੋ ਗਈ। ਸਿਓਲ ਅਤੇ ਆਸਪਾਸ ਦੇ ਸ਼ਹਿਰਾਂ ਵਿੱਚ ਕਰੀਬ 800 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਦੋਂ ਕਿ 400 ਤੋਂ ਵੱਧ ਲੋਕਾਂ ਨੂੰ ਖਾਲੀ ਕਰਨਾ ਪਿਆ।
ਦੱਖਣੀ ਸਿਓਲ ਦੇ ਗਵਾਨਕ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਨੂੰ ਇੱਕ ‘ਬੇਸਮੈਂਟ ਹੋਮ’ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਤਿੰਨ ਲੋਕਾਂ ਨੇ ਮਦਦ ਲਈ ਬੁਲਾਇਆ, ਪਰ ਬਚਾਅਕਰਤਾ ਉਨ੍ਹਾਂ ਤੱਕ ਨਹੀਂ ਪਹੁੰਚ ਸਕੇ। ਮੰਤਰਾਲੇ ਦੇ ਅਨੁਸਾਰ, ਡੋਂਗਜਾਕ ਜ਼ਿਲ੍ਹੇ ਵਿੱਚ ਇੱਕ ਹੋਰ ਔਰਤ ਆਪਣੇ ਹੀ ਘਰ ਵਿੱਚ ਡੁੱਬ ਗਈ। ਜ਼ਿਲੇ ‘ਚ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਗਵਾਂਗਜੂ ਸ਼ਹਿਰ ਵਿੱਚ ਇੱਕ ਬੱਸ ਸਟੈਂਡ ਢਹਿ ਗਿਆ, ਜਿਸ ਕਾਰਨ ਦੋ ਲੋਕ ਮਲਬੇ ਹੇਠ ਦੱਬ ਗਏ।