ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬੀਜੀਟੀ ਯਾਨੀ ਬਾਰਡਰ ਗਾਵਸਕਰ ਟਰਾਫੀ ਦਾ ਦੂਜਾ ਟੈਸਟ ਦਿੱਲੀ ਵਿੱਚ ਖੇਡਿਆ ਜਾਵੇਗਾ। ਇਹ ਅੱਠਵੀਂ ਵਾਰ ਹੋਵੇਗਾ ਜਦੋਂ ਦੋਵੇਂ ਟੀਮਾਂ ਦਿੱਲੀ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਪਿਛਲੇ 36 ਸਾਲਾਂ ਤੋਂ ਇਸ ਮੈਦਾਨ ‘ਤੇ ਟੈਸਟ ਮੈਚਾਂ ‘ਵਿੱਚ ਜਿੱਤ ਦੀ ਆ ਰਹੀ ਹੈ। ਇਸ ਦੌਰਾਨ ਟੀਮ ਨੇ ਇੱਥੇ ਖੇਡੇ ਗਏ 12 ਮੈਚਾਂ ‘ਚੋਂ 10 ‘ਚ ਜਿੱਤ ਦਰਜ ਕੀਤੀ ਹੈ, ਜਦਕਿ ਸਿਰਫ 2 ਹੀ ਡਰਾਅ ਰਹੇ ਹਨ।
ਇਸ ਮੈਦਾਨ ‘ਤੇ ਭਾਰਤ ਆਖਰੀ ਵਾਰ 1987 ‘ਚ ਵੈਸਟਇੰਡੀਜ਼ ਖਿਲਾਫ ਹਾਰਿਆ ਸੀ। ਹਾਲਾਂਕਿ ਉਸ ਟੀਮ ਵਿੱਚ ਗੋਰਡਨ ਗ੍ਰੀਨਿਜ, ਵਿਵ ਰਿਚਰਡਸ, ਮੈਲਕਮ ਮਾਰਸ਼ਲ ਵਰਗੇ ਸਿਤਾਰੇ ਸਨ। ਉਸ ਸਮੇਂ ਸਚਿਨ ਨੇ ਆਪਣਾ ਡੈਬਿਊ ਨਹੀਂ ਕੀਤਾ ਸੀ, ਕੋਹਲੀ ਦਾ ਜਨਮ ਵੀ ਨਹੀਂ ਹੋਇਆ ਸੀ |
ਇੰਡੀਆ ਦੀ ਟੀਮ ਨੇ ਇੱਥੇ ਆਸਟ੍ਰੇਲੀਆ ਸਮੇਤ ਪਾਕਿਸਤਾਨ, ਸ਼੍ਰੀਲੰਕਾ, ਵੈਸਟਇੰਡੀਜ਼, ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਆਸਟ੍ਰੇਲੀਆ ਨੇ ਆਖਰੀ ਵਾਰ ਇੱਥੇ 64 ਸਾਲ ਪਹਿਲਾਂ 1959 ‘ਚ ਜਿੱਤ ਦਰਜ ਕੀਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਟੀਮ 6 ‘ਚੋਂ 3 ਮੈਚ ਹਾਰ ਚੁੱਕੀ ਹੈ।
ਭਾਰਤ ਲਈ ਦਿੱਲੀ ਟੈਸਟ ਜਿੱਤਣਾ ਜ਼ਰੂਰੀ ਹੈ ਕਿਉਂਕਿ ਜੇਕਰ ਭਾਰਤ ਜਿੱਤਦਾ ਹੈ ਤਾਂ ਉਹ ਟੈਸਟ ਰੈਂਕਿੰਗ ‘ਚ ਨੰਬਰ ਇੱਕ ਬਣ ਜਾਵੇਗਾ,ਇਸ ਦੇ ਨਾਲ ਹੀ, ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਆਪਣੀ ਜਗ੍ਹਾ ਤੈਅ ਕਰੇਗੀ। ਆਸਟ੍ਰੇਲੀਆ ਆਖਰੀ ਵਾਰ 2013 ‘ਚ ਦਿੱਲੀ ਦੇ ਇਸ ਮੈਦਾਨ ‘ਤੇ ਟੈਸਟ ਖੇਡਣ ਆਇਆ ਸੀ। ਇਸ ਦੌਰਾਨ ਭਾਰਤ ਨੇ ਇੱਥੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ | ਹੁਣ 10 ਸਾਲ ਬਾਅਦ ਦੋਵੇਂ ਟੀਮਾਂ ਇਸ ਮੈਦਾਨ ‘ਚ ਨਜ਼ਰ ਆਉਣਗੀਆਂ |
ਦਿੱਲੀ ਦਾ ਇਹ ਮੈਦਾਨ ਵਿਰਾਟ ਕੋਹਲੀ, ਗੌਤਮ ਗੰਭੀਰ, ਵਰਿੰਦਰ ਸਹਿਵਾਗ, ਇਸ਼ਾਂਤ ਸ਼ਰਮਾ ਅਤੇ ਆਸ਼ੀਸ਼ ਨਹਿਰਾ ਵਰਗੇ ਦਿੱਗਜਾਂ ਦਾ ਘਰੇਲੂ ਮੈਦਾਨ ਹੈ ਪਰ ਇੱਥੇ ਸਭ ਤੋਂ ਵੱਧ ਰਨ ਸਚਿਨ ਤੇਂਦੁਲਕਰ ਨੇ ਬਣਾਏ ਹਨ। ਸਚਿਨ ਨੇ ਇੱਥੇ 10 ਮੈਚਾਂ ਅਤੇ 19 ਪਾਰੀਆਂ ਵਿੱਚ 759 ਰਨ ਬਣਾਏ ਹਨ।