ਹੋਲੀ ਨੂੰ ਮਨਾਉਣ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ, ਖਾਸ ਤੌਰ ‘ਤੇ ਪ੍ਰਵਾਸੀਆਂ ਦੀ ਗਿਣਤੀ ਜਿਆਦਾ ਹੋਣ ਕਰਕੇ, ਰੇਲਵੇ ਨੇ ਭੀੜ ਨੂੰ ਘੱਟ ਕਰਨ ਲਈ ਚਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਵੱਡਾ ਫੈਸਲਾ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਵਿੱਚ ਅੰਮ੍ਰਿਤਸਰ ਸੁਪਰਫਾਸਟ ਸਪੈਸ਼ਲ ਐਕਸਪ੍ਰੈਸ ਜੋ 6 ਮਾਰਚ ਨੂੰ ਅੰਮ੍ਰਿਤਸਰ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ ਅਤੇ ਸਵੇਰੇ 10:32 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇਗੀ।
ਇਸ ਦੇ ਨਾਲ ਹੀ ਪਟਨਾ-ਸੁਪਰਫਾਸਟ ਸਪੈਸ਼ਲ ਐਕਸਪ੍ਰੈਸ 6 ਮਾਰਚ ਨੂੰ ਜੰਮੂ ਤਵੀ ਰੇਲਵੇ ਸਟੇਸ਼ਨ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ ਅਤੇ ਰਾਤ 9:30 ਵਜੇ ਲੁਧਿਆਣਾ ਸਟੇਸ਼ਨ ਤੇ ਪਹੁੰਚੇਗੀ। ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੁਆਰਾ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ, ਅੰਮ੍ਰਿਤਸਰ-ਜੈਨਗਰ (ਬਿਹਾਰ) ਅਤੇ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ (ਪੱਛਮੀ ਬੰਗਾਲ) ਵਿਚਕਾਰ ਚੱਲਣ ਵਾਲੀਆਂ ਰੇਲਗੱਡੀਆਂ ਛੁੱਟੀਆਂ ਦੇ ਸਮੇਂ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੁਕਣਗੀਆਂ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਲਗਭਗ 25 ਹਜ਼ਾਰ ਲੋਕ ਟਰੇਨਾਂ ‘ਚ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਟਿਕਟ ਚੈਕਿੰਗ ਟੀਮਾਂ ਅਤੇ ਸੁਰੱਖਿਆ ਕਰਮਚਾਰੀ 24 ਘੰਟੇ ਡਿਊਟੀ ‘ਤੇ ਆਉਂਦੇ ਹਨ।