ਨੋਇਡਾ ‘ਚ ਇੱਕ ਸੀਸੀਟੀਵੀ ਫੁਟੇਜ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿੱਚ ਇਕ ਵਿਅਕਤੀ ਦੂਜਿਆਂ ਦੀਆਂ ਗੱਡੀਆਂ ‘ਤੇ ਤੇਜ਼ਾਬ ਸੁੱਟਦਾ ਨਜ਼ਰ ਆ ਰਿਹਾ ਹੈ। ਦੋਸ਼ੀ ਸੁਸਾਇਟੀ ਵਿੱਚ ਸਫ਼ਾਈ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ , ਜਿਸ ਤੋਂ ਬਾਅਦ ਉਸ ਨੇ ਗੁੱਸੇ ਵਿੱਚ ਪਾਰਕਿੰਗ ‘ਚ ਖੜ੍ਹੀਆਂ 15 ਗੱਡੀਆਂ ‘ਤੇ ਤੇਜ਼ਾਬ ਸੁੱਟ ਦਿੱਤੀ ।
ਖ਼ਬਰਾਂ ਦੇ ਅਨੁਸਾਰ ਇਹ ਘਟਨਾ ਨੋਇਡਾ ਸੈਕਟਰ-75 ਦੀ ਮੈਕਸਬਲਿਸ ਵ੍ਹਾਈਟ ਹਾਊਸ ਸੁਸਾਇਟੀ ਨਾਲ ਸਬੰਧਤ ਹੈ। 15 ਮਾਰਚ ਨੂੰ, ਇੱਕ ਸਫਾਈ ਕਰਮਚਾਰੀ ਗੱਡੀਆਂ ‘ਤੇ ਤੇਜ਼ਾਬ ਸੁੱਟਦਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ। ਦੋਸ਼ੀ ਦਾ ਨਾਮ ਰਾਮਰਾਜ ਦੱਸਿਆ ਜਾ ਰਿਹਾ ਹੈਅਤੇ ਉਸ ਦੀ ਉਮਰ 25 ਸਾਲ ਹੈ।
ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਰਾਮਰਾਜ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਸੁਸਾਇਟੀ ਅਪਾਰਟਮੈਂਟ ਓਨਰਜ਼ ਐਸੋਸੀਏਸ਼ਨ ਦੇ ਉਪ-ਪ੍ਰਧਾਨ ਸੰਜੇ ਪੰਡਿਤ ਨੇ ਕਿਹਾ,ਰਾਮਰਾਜ ਨੇ 2016 ਵਿੱਚ ਸੁਸਾਇਟੀ ਵਿੱਚ ਗੱਡੀਆਂ ਧੋਣ ਦਾ ਕੰਮ ਸ਼ੁਰੂ ਕੀਤਾ ਸੀ। ਲਗਭਗ ਇਕ ਹਫਤਾ ਪਹਿਲਾਂ ਸੁਸਾਇਟੀ ਦੇ ਕੁਝ ਲੋਕਾਂ ਨੇ ਉਸ ਨੂੰ ਕੰਮ ਤੋਂ ਕੱਢ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਰਾਮਰਾਜ ਦਾ ਕੰਮ ਪਸੰਦ ਨਹੀਂ ਸੀ। ਪਰ ਫਿਰ ਵੀ ਉਹ ਕੁਝ ਲੋਕਾਂ ਦੀਆਂ ਗੱਡੀਆਂ ਦੀ ਸਫ਼ਾਈ ਕਰਦਾ ਸੀ, ਇਸ ਲਈ ਉਹ ਸੁਸਾਇਟੀ ਵਿੱਚ ਆਉਂਦਾ ਜਾਂਦਾ ਸੀ। 15 ਮਾਰਚ ਨੂੰ ਸੁਰੱਖਿਆ ਇੰਚਾਰਜ ਨੇ ਉਸ ਨੂੰ ਬੇਸਮੈਂਟ ‘ਚ ਖੜ੍ਹੀਆਂ 15 ਗੱਡੀਆਂ ‘ਤੇ ਤੇਜ਼ਾਬ ਸੁੱਟਦੇ ਦੇਖਿਆ। ਇਹ ਗੱਡੀਆਂ ਉਨ੍ਹਾਂ ਲੋਕਾਂ ਦੀਆਂ ਸਨ ਜਿਨ੍ਹਾਂ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ।
ਗੱਡੀਆਂ ਦੇ ਮਾਲਕਾਂ ਨੇ ਰਾਮਰਾਜ ਦੇ ਵਿਰੁੱਧ ਸੈਕਟਰ 113 ਥਾਣੇ ਵਿੱਚ ਆਈਪੀਸੀ ਦੀ ਧਾਰਾ 427 ਤਹਿਤ ਕੇਸ ਦਰਜ ਕਰ ਲਿਆ ਹੈ। ਰਾਮਰਾਜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਸਾਰੇ ਮਾਮਲੇ ਚ ਪੁੱਛਗਿੱਛ ਕੀਤੀ ਜਾ ਰਹੀ ਹੈ|