ਖ਼ਬਰਾਂ ਦੇ ਅਨੁਸਾਰ ਨਾਗਪੁਰ ਦੇ ਅੰਬਾਝਾੜੀ ‘ਚ ਇਕ ਗਰਭਵਤੀ ਨਾਬਾਲਗ ਨੇ ਯੂਟਿਊਬ ਦੇਖ ਕੇ ਆਪਣੀ ਡਿਲੀਵਰੀ ਆਪ ਹੀ ਕਰ ਲਈ । ਇਸ ਬਾਰੇ ਕਿਸੇ ਨੂੰ ਖ਼ਬਰ ਨਾ ਲੱਗੇ, ਇਸ ਲਈ ਜਨਮ ਲੈਂਦੇ ਹੀ ਨਵਜੰਮੀ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । 15 ਸਾਲਾ ਲੜਕੀ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਆਪਣੇ ਹੀ ਘਰ ਦੇ ਇੱਕ ਬਕਸੇ ਵਿੱਚ ਲੁਕੋ ਕੇ ਰੱਖ ਲਿਆ ।
ਇਹ ਸਾਰੀ ਘਟਨਾ 2 ਮਾਰਚ ਨੂੰ ਵਾਪਰੀ ਸੀ ਪਰ ਇਸ ਦਾ ਖੁਲਾਸਾ ਐਤਵਾਰ ਨੂੰ ਹੀ ਹੋਇਆ ਜਦੋਂ ਬੱਚੀ ਦੀ ਮਾਂ ਘਰ ਪਰਤੀ। ਕੁੜੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਮਾਂ ਉਸਨੂੰ ਹਸਪਤਾਲ ਲੈ ਕੇ ਗਈ। ਪੁਲਿਸ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਨਾਬਾਲਗ ਕੁੜੀ ਵਿਰੁੱਧ ਕਤਲ ਦੇ ਕੇਸ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ ।
ਨਾਬਾਲਗ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਸ ਲੜਕੇ ਨੂੰ ਮਿਲੀ ਸੀ ਜਿਸ ਨੇ ਸੋਸ਼ਲ ਮੀਡੀਆ ਰਾਹੀਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ। ਜਦੋਂ ਉਸ ਨੂੰ ਗਰਭ ਅਵਸਥਾ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਪਰਿਵਾਰ ਵਾਲਿਆਂ ਤੋਂ ਇਹ ਗੱਲ ਲੁਕਾ ਕੇ ਰੱਖੀ। ਇੰਨਾ ਹੀ ਨਹੀਂ ਜਦੋਂ ਕੁੜੀ ਦੀ ਮਾਂ ਨੇ ਵਧੇ ਹੋਏ ਢਿੱਡ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੁਝ ਸਿਹਤ ਸੰਬੰਧੀ ਸਮੱਸਿਆ ਹੋਈ ਹੈ।