ਪਾਣੀਪਤ ਜ਼ਿਲੇ ਦੇ ਸਮਾਲਖਾ ਰੇਲਵੇ ਸਟੇਸ਼ਨ ਨੇੜੇ ਟ੍ਰੈਕ ‘ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸ਼ਾਨ-ਏ-ਪੰਜਾਬ ਐਕਸਪ੍ਰੈਸ ਰੇਲਗੱਡੀ ਦੀ ਕਲਿੱਪ ਅੱਧ ਵਿਚਾਲੇ ਹੀ ਟੁੱਟ ਗਈ। ਜਿਸ ਕਾਰਨ ਇੰਜਣ ਸਣੇ ਕੁਝ ਡੱਬੇ ਅੱਗੇ ਚੱਲਦੇ ਰਹੇ, ਜਦਕਿ ਕੁਝ ਡੱਬੇ ਪਟੜੀ ‘ਤੇ ਹੀ ਰੁਕ ਗਏ।
ਦੱਸਿਆ ਜਾ ਰਿਹਾ ਹੈ ਕਿ ਡੱਬੇ ਪਟੜੀ ਤੋਂ ਹੇਠਾਂ ਨਹੀਂ ਉਤਰੇ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ। ਰੇਲਗੱਡੀ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਇਹ ਸਮਾਲਖਾ ਕੋਲ ਪਹੁੰਚੀ ਤਾਂ ਉੱਥੇ ਡੱਬੇ ਨੂੰ ਡੱਬੇ ਨਾਲ ਜੋੜਨ ਵਾਲੀ ਕਲਿੱਪ ਅਚਾਨਕ ਟੁੱਟ ਗਈ ਅਤੇ ਟਰੇਨ ਦੇ ਦੋ ਹਿੱਸੇ ਹੋ ਗਏ। ਟਰੇਨ ਨੰਬਰ 12497 ਦੇ 8 ਡੱਬੇ ਪਿੱਛੇ ਰਹਿ ਗਏ ਸਨ।
ਬਹੁਤ ਦੂਰ ਜਾਣ ਤੋਂ ਬਾਅਦ ਟਰੇਨ ਚਾਲਕ ਨੇ ਟਰੇਨ ਨੂੰ ਰੋਕ ਦਿੱਤਾ । ਇਸ ਘਟਨਾ ਦੀ ਜਾਣਕਾਰੀ ਰੇਲਵੇ ਹੈਲਪਲਾਈਨ ਕੰਟਰੋਲ ਰੂਮ ਨੂੰ ਦਿੱਤੀ ਗਈ | ਇਸ ਦੇ ਨਾਲ ਹੀ ਇਸ ਦੀ ਜਾਣਕਾਰੀ ਪਾਣੀਪਤ ਅਤੇ ਸੋਨੀਪਤ ਰੇਲਵੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ। ਤਕਨੀਕੀ ਟੀਮ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਹੁਣ ਟਰੇਨ ਨੂੰ ਦੁਬਾਰਾ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਰਕਾਰ ਰੇਲਗੱਡੀ ਦੇ ਦੋਵੇਂ ਹਿੱਸਿਆਂ ਨੂੰ ਨੇੜੇ ਲਿਆਂਦਾ ਗਿਆ ਅਤੇ ਕਲਿੱਪਾਂ ਦੀ ਸਹਾਇਤਾ ਨਾਲ ਦੁਬਾਰਾ ਤੋਂ ਜੋੜ ਦਿੱਤਾ ਗਿਆ। ਰੇਲਗੱਡੀ ਜੁੜਣ ਤੋਂ ਬਾਅਦ ਯਾਤਰੀਆਂ ਵਿੱਚ ਕਾਫੀ ਖੁਸ਼ੀ ਪਾਈ ਗਈ। ਇਸ ਤੋਂ ਬਾਅਦ ਟਰੇਨ ਨੂੰ ਫਿਰ ਹਰੀ ਝੰਡੀ ਦੇ ਕੇ ਉਥੋਂ ਰਵਾਨਾ ਕਰ ਦਿੱਤਾ ਗਿਆ।