ਦੱਸਿਆ ਜਾ ਰਿਹਾ ਹੈ ਕਿ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 3800 ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਪਹਿਲੀ ਵਾਰ ਆਈ ਇਹ ਕੁਦਰਤੀ ਆਫ਼ਤ ਤੁਰਕੀ ਵਿੱਚ ਇੱਕ ਹਜ਼ਾਰ ਮੌਤਾਂ ਦਾ ਕਾਰਨ ਬਣ ਗਈ। ਖ਼ਬਰਾਂ ਦੇ ਅਨੁਸਾਰ ਹੁਣ ਇਹ ਅੰਕੜਾ 2400 ਦੇ ਨੇੜੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਭੂਚਾਲ ਕਾਰਨ ਸੀਰੀਆ ‘ਚ ਹੁਣ ਤੱਕ 1400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਗਭਗ 14 ਹਜ਼ਾਰ ਲੋਕ ਜ਼ਖਮੀ ਹਨ। ਹੁਣ ਦੋਹਾਂ ਦੇਸ਼ਾਂ ‘ਚ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵਾਧੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਖ਼ਬਰਾਂ ਦੇ ਅਨੁਸਾਰ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ਵਿੱਚ ਸੈਂਕੜੇ ਇਮਾਰਤਾਂ ਤਬਾਹ ਹੋ ਗਈਆਂ ਹਨ। ਉੱਥੋਂ ਦੇ ਮਾਲਤੀਆ ਸੂਬੇ ਦੇ ਗਵਰਨਰ ਨੇ 130 ਤੋਂ ਵੱਧ ਇਮਾਰਤਾਂ ਦੇ ਡਿੱਗ ਜਾਣ ਦੀ ਜਾਣਕਾਰੀ ਦਿੱਤੀ ਹੈ। ਸੀਰੀਆ ਦੇ ਸਿਵਲ ਡਿਫੈਂਸ ਨੇ ਸਥਿਤੀ ਨੂੰ ਭਿਆਨਕ ਦੱਸਦੇ ਹੋਏ ਕਿਹਾ ਕਿ ਸੈਂਕੜੇ ਲੋਕ ਮਲਬੇ ਹੇਠ ਦੱਬੇ ਹੋਏ ਹਨ। ਹਸਪਤਾਲਾਂ ਦੇ ਐਮਰਜੈਂਸੀ ਕਮਰੇ ਜ਼ਖ਼ਮੀਆਂ ਨਾਲ ਭਰੇ ਹੋਏ ਨੇ । ਇਸ ਦੌਰਾਨ ਤੁਰਕੀ ਦੇ ਉਪ-ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਹੈ ਕਿ ਭੂਚਾਲ ਕਾਰਨ ਹੁਣ ਤੱਕ 2,379 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 14 ਹਜ਼ਾਰ 483 ਲੋਕ ਜ਼ਖਮੀ ਹੋਏ ਹਨ। ਫੁਆਤ ਨੇ ਦੱਸਿਆ ਕਿ ਤੁਰਕੀ ਦੇ 10 ਸੂਬੇ ਭੂਚਾਲ ਦੀ ਲਪੇਟ ਵਿੱਚ ਆ ਚੁੱਕੇ ਨੇ । 6 ਫਰਵਰੀ ਨੂੰ ਤੁਰਕੀ ਵਿੱਚ 24 ਘੰਟਿਆਂ ਦੇ ਅੰਦਰ ਤਿੰਨ ਵੱਖ-ਵੱਖ ਭੂਚਾਲ ਆਏ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 7.8, 7.5 ਅਤੇ 6.0 ਮਾਪੀ ਗਈ।
ਭੂਚਾਲ ਕਾਰਨ ਹੋਈ ਤਬਾਹੀ ਨੇ ਤੁਰਕੀ ਨੂੰ ਅੰਤਰਰਾਸ਼ਟਰੀ ਮਦਦ ਲੈਣ ਲਈ ਮਜਬੂਰ ਕਰ ਦਿੱਤਾ ਹੈ। ਉਸ ਨੇ ਦੁਨੀਆ ਭਰ ਦੇ ਸਮਰੱਥ ਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਭਾਰਤ ਵੀ ਆਪਣੇ ਪੱਖ ਤੋਂ ਹਰ ਸੰਭਵ ਕਦਮ ਚੁੱਕ ਰਿਹਾ ਹੈ। ਭਾਰਤ ਨੇ ਵਿਸ਼ੇਸ਼ ਕੁੱਤਿਆਂ ਦੇ ਦਸਤੇ, ਮੈਡੀਕਲ ਸਪਲਾਈ, ਡ੍ਰਿਲਿੰਗ ਮਸ਼ੀਨਾਂ ਅਤੇ ਹੋਰ ਜ਼ਰੂਰੀ ਵਸਤਾਂ ਤੁਰਕੀ ਨੂੰ ਭੇਜੀਆਂ ਦਿੱਤੀਆਂ ਹਨ |
ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਕੱਤਰ ਪੀਕੇ ਮਿਸ਼ਰਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮੀਟਿੰਗ ਹੋਈ। ਇਸ ਵਿਚ ਤੁਰਕੀ ਦੀ ਮਦਦ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ। ਭਾਰਤ ਤੋਂ ਇਲਾਵਾ ਰੂਸ, ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਜ਼ਰਾਈਲ ਅਤੇ ਯੁੱਧਗ੍ਰਸਤ ਯੂਕਰੇਨ ਨੇ ਵੀ ਤੁਰਕੀ-ਸੀਰੀਆ ਨੂੰ ਮਦਦ ਭੇਜੀ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਦੱਸਿਆ ਹੈ ਕਿ ਹੁਣ ਤੱਕ 45 ਦੇਸ਼ਾਂ ਨੇ ਮਦਦ ਭੇਜਣ ਦਾ ਭਰੋਸਾ ਦਿੱਤਾ ਹੈ।
ਦੂਸਰੇ ਪਾਸੇ ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਸੜਕ ਟੁੱਟਣ ਅਤੇ ਖਰਾਬ ਮੌਸਮ ਕਾਰਨ ਬਚਾਅ ਕਾਰਜਾਂ ‘ਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਚਾਉਣ ਦੇ ਹੋਰ ਤਰੀਕੇ ਲੱਭਣੇ ਪੈਣਗੇ। ਖਰਾਬ ਮੌਸਮ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭੂਚਾਲ ਕਾਰਨ ਹਜ਼ਾਰਾਂ ਘਰ ਤਬਾਹ ਹੋ ਗਏ ਹਨ, ਜਿਸ ਕਰਕੇ ਲੋਕ ਕੜਾਕੇ ਦੀ ਠੰਡ ‘ਚ ਵੀ ਰਾਹਤ ਕੈਂਪਾਂ ‘ਚ ਰਹਿਣ ਲਈ ਮਜਬੂਰ ਹੋ ਗਏ ਨੇ |