ਪਿਓਂਗਯਾਂਗ (ਸਕਸ਼ਮ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਅੱਜ (ਸ਼ੁੱਕਰਵਾਰ) ਇਕ ਵਾਰ ਫਿਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੇ ਦੇਸ਼ ਨੇ ਰੂਸ ਨੂੰ ਕੋਈ ਹਥਿਆਰ ਬਰਾਮਦ ਕੀਤੇ ਹਨ। ਉਸਨੇ ਉੱਤਰੀ ਕੋਰੀਆ-ਰੂਸੀ ਹਥਿਆਰਾਂ ਦੇ ਸੌਦੇ ਬਾਰੇ ਬਾਹਰੀ ਅਟਕਲਾਂ ਨੂੰ ਬੇਤੁਕਾ ਦੱਸਿਆ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ, ਦੱਖਣੀ ਕੋਰੀਆ ਅਤੇ ਹੋਰਾਂ ਨੇ ਲਗਾਤਾਰ ਉੱਤਰੀ ਕੋਰੀਆ ‘ਤੇ ਫੌਜੀ ਤਕਨੀਕ ਅਤੇ ਆਰਥਿਕ ਮਦਦ ਦੇ ਬਦਲੇ ਯੂਕਰੇਨ ਦੀ ਜੰਗ ਲਈ ਰੂਸ ਨੂੰ ਤੋਪਖਾਨੇ, ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਹੈ। ਉੱਤਰੀ ਕੋਰੀਆ ਅਤੇ ਰੂਸ ਦੋਵੇਂ ਵਾਰ-ਵਾਰ ਇਸ ਨੂੰ ਰੱਦ ਕਰ ਚੁੱਕੇ ਹਨ। ਵਿਦੇਸ਼ੀ ਮਾਹਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਤੋਪਖਾਨੇ ਅਤੇ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦੀ ਤਾਜ਼ਾ ਲੜੀ ਦਾ ਉਦੇਸ਼ ਉਨ੍ਹਾਂ ਹਥਿਆਰਾਂ ਦਾ ਪ੍ਰੀਖਣ ਜਾਂ ਇਸ਼ਤਿਹਾਰ ਦੇਣਾ ਸੀ ਜੋ ਉਹ ਰੂਸ ਨੂੰ ਵੇਚਣ ਦੀ ਯੋਜਨਾ ਬਣਾ ਰਿਹਾ ਸੀ।
ਕਿਮ ਯੋ ਜੋਂਗ ਨੇ ਉੱਤਰੀ ਕੋਰੀਆ-ਰੂਸ ਸਬੰਧਾਂ ਦੇ ਮੁਲਾਂਕਣ ਨੂੰ ਸਭ ਤੋਂ ਬੇਤੁਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਫੌਜੀ ਤਕਨੀਕੀ ਸਮਰੱਥਾਵਾਂ ਨੂੰ ਕਿਸੇ ਦੇਸ਼ ਨੂੰ ਨਿਰਯਾਤ ਕਰਨ ਜਾਂ ਜਨਤਾ ਲਈ ਖੋਲ੍ਹਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਉਸਨੇ ਕਿਹਾ ਕਿ ਉੱਤਰੀ ਕੋਰੀਆ ਦੇ ਤਾਜ਼ਾ ਹਥਿਆਰਾਂ ਦੇ ਪ੍ਰੀਖਣ ਸਿਰਫ 2021 ਵਿੱਚ ਸ਼ੁਰੂ ਹੋਣ ਵਾਲੀ ਦੇਸ਼ ਦੀ ਪੰਜ ਸਾਲਾ ਹਥਿਆਰ ਬਣਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪਰੀਖਣ ਕੀਤੇ ਗਏ ਹਥਿਆਰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਤੇ ਹਮਲੇ ਲਈ ਤਿਆਰ ਕੀਤੇ ਗਏ ਸਨ।