ਤਰਨਤਾਰਨ : ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ‘ਤੇ ਪੁਲਸ ਫੋਰਸ ਅਤੇ ਫੌਜ ਮੌਜੂਦ ਹੈ। ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਬੀਤੀ ਰਾਤ 11.22 ਵਜੇ ਦੇ ਕਰੀਬ ਆਰਪੀਜੀ ਦੀ ਵਰਤੋਂ ਕਰਕੇ ਹਾਈਵੇਅ ਤੋਂ ਇੱਕ ਗ੍ਰਨੇਡ ਸੁੱਟਿਆ ਗਿਆ। ਇਹ ਥਾਣਾ ਸਰਹਾਲੀ ਦੇ ਸੁਵਿਧਾ ਕੇਂਦਰ ਨਾਲ ਟਕਰਾ ਗਿਆ। ਯੂਏਪੀਏ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਲਾਂਚਰ ਬਰਾਮਦ : ਗੌਰਵ ਯਾਦਵ
ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਲਾਂਚਰ ਬਰਾਮਦ ਕਰ ਲਿਆ ਗਿਆ ਹੈ। ਇਹ ਮਿਲਟਰੀ ਗ੍ਰੇਡ ਹਾਰਡਵੇਅਰ ਹੈ ਜਿਸ ਨੂੰ ਸਰਹੱਦ ਰਾਹੀਂ ਭੇਜੇ ਜਾਣ ਦੀ ਸੰਭਾਵਨਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਿੱਚ ਪਾਕਿਸਤਾਨ ਦੀ ਸਾਜ਼ਿਸ਼ ਹੈ।
ਦੁਸ਼ਮਣ ਦੇਸ਼ ਡਰਿਆ : ਗੌਰਵ ਯਾਦਵ
ਡੀਜੀਪੀ ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਇਸ ਸਾਲ ਕਰੀਬ 200 ਡਰੋਨ ਕਰਾਸਿੰਗ ਹੋਏ ਹਨ। ਪਿਛਲੇ ਇੱਕ ਮਹੀਨੇ ਵਿੱਚ ਕਈ ਡਰੋਨ ਰੋਕੇ ਗਏ, ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ। ਮੇਰਾ ਮੰਨਣਾ ਹੈ ਕਿ ਦੁਸ਼ਮਣ ਦੇਸ਼ ਘਬਰਾ ਗਿਆ ਹੈ ਅਤੇ ਧਿਆਨ ਹਟਾਉਣ ਲਈ ਰਾਤ ਨੂੰ ਕਾਇਰਾਨਾ ਹਮਲਾ ਕਰ ਰਿਹਾ ਹੈ।
ਆਰਪੀਜੀ ‘ਤੇ 0-4-86 ਪੀਕੇ ਲਿਖਿਆ ਪਾਇਆ ਗਿਆ
ਆਰਪੀਜੀ ਪਾਕਿਸਤਾਨ ਤੋਂ ਆਈ. ਖ਼ਬਰ ਮੁਤਾਬਕ ਆਰਪੀਜੀ ‘ਤੇ 0-4-86 ਪੀਕੇ ਲਿਖਿਆ ਹੋਇਆ ਹੈ, ਜਿਸ ਤੋਂ ਬਾਅਦ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਤੋਂ ਆਇਆ ਹੋ ਸਕਦਾ ਹੈ।
ਆਰਪੀਜੀ ਫਟਿਆ ਨਹੀਂ ਪਰ ਸ਼ੀਸ਼ਾ ਟੁੱਟ ਗਿਆ ਸੀ
ਪੁਲਸ ਅਧਿਕਾਰੀਆਂ ਮੁਤਾਬਕ ਹਮਲੇ ‘ਚ ਆਰਪੀਜੀ ਨਹੀਂ ਫਟਿਆ ਪਰ ਥਾਣੇ ਦੇ ਇਕ ਹਿੱਸੇ ‘ਚ ਬਣੇ ਈਵਨਿੰਗ ਸੈਂਟਰ ਦੇ ਸ਼ੀਸ਼ੇ ਟੁੱਟ ਗਏ। ਜਿਸ ਥਾਂ ਤੋਂ ਸ਼ੀਸ਼ਾ ਟੁੱਟਿਆ ਸੀ, ਉਸ ਨੂੰ ਫੋਰੈਂਸਿਕ ਜਾਂਚ ਲਈ ਸੀਲ ਕਰ ਦਿੱਤਾ ਗਿਆ ਹੈ।
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਜ਼ਿੰਮੇਵਾਰੀ ਲਈ
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪੰਨੂੰ ਨੇ ਵੌਇਸ ਨੋਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਨੂ ਦਾ ਕਹਿਣਾ ਹੈ ਕਿ ਇਹ ਹਮਲਾ ਪਿਛਲੇ ਦਿਨੀਂ ਜਲੰਧਰ ਦੇ ਲਤੀਫਪੁਰਾ ਵਿੱਚ ਹੋਈ ਕਾਰਵਾਈ ਦਾ ਬਦਲਾ ਹੈ। ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 1947 ਵਿੱਚ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਪੰਜਾਬ ਦੇ ਹਰ ਘਰ ਰਾਕੇਟ ਲਾਂਚਰ ਅਤੇ ਬੰਬ ਪਹੁੰਚ ਚੁੱਕੇ ਹਨ। ਪੰਜਾਬ ਨੂੰ ਭਾਰਤ ਦੀ ਹਕੂਮਤ ਤੋਂ ਅਜ਼ਾਦੀ ਦਿਵਾਵਾਂਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 6 ਮਈ ਨੂੰ ਮੋਹਾਲੀ ‘ਚ ਵੀ ਆਰਪੀਜੀ ਹਮਲਾ ਹੋਇਆ ਸੀ।