ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਸਿਆਸਤ ਛੱਡ ਦਿੱਤੀ ਹੈ। ਰਾਮ ਰਹੀਮ ਨੇ ਆਪਣੇ ਡੇਰੇ ਦੇ ਪਾਲੀਟਿਕਲ ਵਿੰਗ ਨੂੰ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਹੁਕਮ ਦੇ ਦਿੱਤਾ ਹੈ ਕਿ ਹੁਣ ਡੇਰੇ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਹੁਣ ਤੱਕ ਇਹ ਸਿਆਸੀ ਵਿੰਗ ਹੀ ਤੈਅ ਕਰਦਾ ਸੀ ਕਿ ਚੋਣਾਂ ਵਿੱਚ ਕਿਸ ਸਿਆਸੀ ਪਾਰਟੀ ਦਾ ਸਾਥ ਦੇਣਾ ਹੈ। ਡੇਰਾ ਮੁਖੀ ਦੇ ਇਸ ਫੈਸਲਾ ਦਾ ਸਿਆਸੀ ਪਾਰਟੀਆਂ ਤੇ ਕਾਫੀ ਅਸਰ ਪਵੇਗਾ |
ਇਸ ਸਿਆਸੀ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੋਇਆ ਸੀ। 2017 ‘ਚ ਪਹਿਲੀ ਵਾਰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਿਛਲੀਆਂ ਕੁਝ ਚੋਣਾਂ ‘ਚ ਡੇਰਾ ਆਪਣੇ ਪੈਰੋਕਾਰਾਂ ਨੂੰ ਭਾਜਪਾ ਦੇ ਪੱਖ ‘ਚ ਵੋਟ ਪਾਉਣ ਦਾ ਹੁਕਮ ਦਿੰਦਾ ਰਿਹਾ ਹੈ। ਡੇਰਾ ਮੁੱਖੀ ਦੇ ਪੈਰੋਕਾਰਾਂ ਨੇ ਕਦੇ ਵੀ ਖੁੱਲ੍ਹ ਕੇ ਇਸ ਦਾ ਸਮਰਥਨ ਨਹੀਂ ਕੀਤਾ ਅਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦਾ ਸਿਆਸੀ ਵਿੰਗ ਭੰਗ ਕਰਨ ਦਾ ਫੈਸਲਾ ਕਾਫੀ ਹੈਰਾਨੀਜਨਕ ਹੈ।
ਡੇਰੇ ਨਾਲ ਜੁੜੇ ਕੁਝ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਮ ਰਹੀਮ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਡੇਰਾ ਹੁਣ ਸਮਾਜ ਸੇਵਾ ਦੇ ਕੰਮਾਂ ‘ਤੇ ਧਿਆਨ ਦੇਣਾ ਚਾਹੁੰਦਾ ਹੈ। ਰਾਮ ਰਹੀਮ ਦੇ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਉਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਸ ‘ਚ ਵਿਰੋਧ ਕਰਦੀਆਂ ਰਹਿੰਦੀਆਂ ਹਨ।
ਡੇਰਾ ਸੂਤਰਾਂ ਦੇ ਅਨੁਸਾਰ, ਹਰ ਡੇਰੇ ਦਾ ਇੱਕ ਸਿਆਸੀ ਵਿੰਗ ਹੁੰਦਾ ਹੈ| ਕੁਝ ਵਿੱਚ ਇਹ ਅਧਿਕਾਰਤ ਤੌਰ ‘ਤੇ ਕੰਮ ਕਰਦਾ ਹੈ ਅਤੇ ਕੁਝ ਵਿੱਚ ਇਹ ਅੰਦਰ ਖਾਤੇ ਕੰਮ ਕਰਦਾ ਹੈ। ਇਸ ਨੂੰ ਲੈ ਕੇ ਵਿਵਾਦ ਵੀ ਹੁੰਦਾ ਹੈ। ਇਸ ਕਰਕੇ ਰਾਮ ਰਹੀਮ ਨੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ। ਕਿਸੇ ਪਾਰਟੀ ਨੂੰ ਅੰਦਰੂਨੀ ਤੌਰ ‘ਤੇ ਸਾਥ ਦਿੱਤਾ ਜਾ ਸਕਦਾ ਪਰ ਡੇਰਾ ਸੱਚਾ ਸੌਦਾ ਹੁਣ ਕਿਸੇ ਵੀ ਪਾਰਟੀ ਨੂੰ ਖੁੱਲ੍ਹ ਕੇ ਸਮਰਥਨ ਕਰਦਾ ਦਿਖਾਈ ਨਹੀਂ ਦਵੇਗਾ |
ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪਹਿਲੀ ਵਾਰ ਪੰਜਾਬ-ਯੂਪੀ ਚੋਣਾਂ ਵਿੱਚ ਪੈਰੋਲ ਮਿਲੀ ਸੀ। ਸਾਲ 2022 ਵਿੱਚ 7 ਫਰਵਰੀ ਨੂੰ 21 ਦਿਨ ਦੀ , ਸਾਲ 2022 ਵਿੱਚ ਹੀ 17 ਜੂਨ ਨੂੰ 30 ਦਿਨਾਂ ਦੀ, ਇਸੇ ਸਾਲ ਅਕਤੂਬਰ ਵਿੱਚ 40 ਦਿਨ ਦੀ ਤੇ ਸਾਲ 2023 ਵਿੱਚ 21 ਜਨਵਰੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।