ਚੰਡੀਗੜ੍ਹ: ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਿਵਹਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਨ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ। ਵਾਇਰਲ ਵੀਡੀਓ ‘ਚ ਉਹ ਡਾਕਟਰ ਰਾਜ ਬਹਾਦਰ ਨੂੰ ਗੰਦੇ ਬਿਸਤਰੇ ‘ਤੇ ਲੇਟਣ ਲਈ ਮਜ਼ਬੂਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਮੰਤਰੀ ਵੱਲੋਂ ਕੀਤੇ ਇਸ ਦੁਰਵਿਵਹਾਰ ਨੂੰ ਲੈ ਕੇ ਡਾ: ਰਾਜ ਬਹਾਦਰ ਨੂੰ ਮੀਟਿੰਗ ਲਈ ਬੁਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਇਸ ਵਿਸ਼ੇ ‘ਤੇ ਉਨ੍ਹਾਂ ਨਾਲ ਗੱਲ ਕਰਨਗੇ।
ਦੱਸ ਦੇਈਏ ਕਿ ਅੱਜ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਨ੍ਹਾਂ ਨੂੰ ਮਿਲਣ ਪਹੁੰਚੇ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਇਸ ਵਤੀਰੇ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਤਰੀ ਤੋਂ ਮੁਆਫੀ ਮੰਗਣ। ਡਾ: ਰਾਜ ਬਹਾਦਰ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 40 ਸਾਲ ਸੇਵਾ ਕੀਤੀ ਹੈ ਅਤੇ 13 ਵੱਡੇ ਹਸਪਤਾਲਾਂ ਵਿਚ ਕੰਮ ਕੀਤਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ। ਜਦੋਂ ਮੰਤਰੀ ਆਏ ਤਾਂ ਮੈਡੀਕਲ ਸੁਪਰਡੈਂਟ ਦੀ ਡਿਊਟੀ ਲੱਗੀ ਹੋਈ ਸੀ। ਮੈਨੂੰ ਬਹੁਤ ਅਫ਼ਸੋਸ ਹੈ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਹਸਪਤਾਲ ਲਈ ਕੋਈ ਵੀ ਚੀਜ਼ ਖਰੀਦਣ ਲਈ 9 ਮਹੀਨੇ ਲੱਗ ਜਾਂਦੇ ਹਨ।