ਭਾਰਤੀ ਕ੍ਰਿਕਟ ਟੀਮ ਨੇ ਕੋਲਕਾਤਾ ‘ਚ ਸ਼੍ਰੀਲੰਕਾ ਖਿਲਾਫ ਚੱਲ ਰਹੀ ਵਨਡੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਹੁਣ ਟੀਮ ਨੂੰ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਬਿਨਾਂ ਖੇਡਣਾ ਪੈ ਸਕਦਾ ਹੈ। ਹਾਲ ਹੀ ‘ਚ ਆਪਣਾ 50ਵਾਂ ਜਨਮਦਿਨ ਮਨਾਉਣ ਵਾਲੇ ਰਾਹੁਲ ਦ੍ਰਾਵਿੜ ਦੀ ਸਿਹਤ ਠੀਕ ਨਹੀਂ ਦੱਸੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦਾ ਤੀਜਾ ਮੈਚ ਤਿਰੂਵਨੰਤਪੁਰਮ ਵਿੱਚ ਹੋਣਾ ਹੈ। ਰਿਪੋਰਟਾਂ ਮੁਤਾਬਕ ਦ੍ਰਾਵਿੜ ਭਾਰਤੀ ਟੀਮ ਨਾਲ ਤਿਰੂਵਨੰਤਪੁਰਮ ਨਹੀਂ ਜਾ ਰਹੇ ਹਨ। ਦੂਜੇ ਵਨਡੇ ਦੌਰਾਨ ਵੀ ਦ੍ਰਾਵਿੜ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਪਰ ਉਦੋਂ ਦ੍ਰਾਵਿੜ ਕੋਲਕਾਤਾ ‘ਚ ਟੀਮ ਨਾਲ ਮੌਜੂਦ ਸਨ ਪਰ ਹੁਣ ਉਨ੍ਹਾਂ ਦੇ ਬੈਂਗਲੁਰੂ ਪਰਤਣ ਦੀ ਸੰਭਾਵਨਾ ਹੈ।
ਅਜਿਹੇ ‘ਚ ਇਹ ਸਪੱਸ਼ਟ ਨਹੀਂ ਹੈ ਕਿ ਸਾਬਕਾ ਭਾਰਤੀ ਕਪਤਾਨ 15 ਜਨਵਰੀ ਨੂੰ ਰੋਹਿਤ ਐਂਡ ਕੰਪਨੀ ‘ਚ ਸ਼ਾਮਲ ਹੋਣਗੇ ਜਾਂ ਨਹੀਂ। ਇਹ ਮੈਚ ਐਤਵਾਰ ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਸਟੇਡੀਅਮ ‘ਚ ਖੇਡਿਆ ਜਾਵੇਗਾ ਜਿੱਥੇ ਭਾਰਤ ਨੂੰ ਸੀਰੀਜ਼ ‘ਚ ਕਲੀਨ ਸਵੀਪ ਕਰਨ ਦੀ ਉਮੀਦ ਹੈ।