ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਵੀਰਵਾਰ ਦੇਰ ਰਾਤ ਇਕ ਚਰਚ ਵਿਚ ਫਾਇਰਿੰਗ ਦੀ ਘਟਨਾ
ਹੋਈ। ਇਸ ਘਟਨਾ ‘ਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ | ਇਸ ਦੇ ਨਾਲ ਹੀ ਕੁਝ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਅੰਦਾਜ਼ਾ ਹੈ। ਪੁਲਿਸ ਦੇ ਅਨੁਸਾਰ ਹਮਲਾਵਰ 10 ਮਿੰਟ ਤੱਕ ਫਾਇਰਿੰਗ ਕਰਦਾ ਰਿਹਾ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਕਿਸੇ ਦੇ ਫਰਾਰ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਅਸੀਂ 15 ਮਿੰਟ ਦੇ ਅੰਦਰ ਮੌਕੇ ‘ਤੇ ਪਹੁੰਚ ਗਏ ਸੀ । ਅਸੀਂ ਚਰਚ ਦੀ ਉਪਰਲੀ ਮੰਜ਼ਿਲ ‘ਤੇ ਗੋਲੀਆਂ ਦੀ ਆਵਾਜ਼ ਸੁਣੀ।ਉਪਰਲੀ ਮੰਜ਼ਿਲ ‘ਤੇ ਪਹੁੰਚਣ ‘ਤੇ ਉੱਥੇ ਇਕ ਲਾਸ਼ ਮਿਲੀ। ਸਾਨੂੰ ਲੱਗਦਾ ਹੈ ਕਿ ਇਹ ਹਮਲਾਵਰ ਦੀ ਲਾਸ਼ ਹੈ। ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ |
ਪੁਲਿਸ ਨੇ ਦੱਸਿਆ ਹੈ ਕਿ ਘਟਨਾ ਗ੍ਰੋਸ ਬੋਸਟ੍ਰੇਲ ਇਲਾਕੇ ਦੇ ਇਕ ਚਰਚ ਦੇ ਯੇਹੋਵਾ ਵਿਟਨੈੱਸ ਕਿੰਗਡਮ ਹਾਲ ਵਿਚ ਵਾਪਰੀ ਹੈ। ਇਹ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਾਰ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ। ਹੈਮਬਰਗ ਪੁਲਿਸ ਨੇ ਟਵੀਟ ਕੀਤਾ ਕਿ ਇਸ ਫਾਇਰਿੰਗ ਵਿਚ ਕਈ ਲੋਕ ਜ਼ਖਮੀ ਹੋਏ ਹਨ। ਅਸੀਂ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨਾਲ ਮੌਕੇ ‘ਤੇ ਮੌਜੂਦ ਹਾਂ।
ਜਾਣਕਾਰੀ ਦੇ ਅਨੁਸਾਰ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ 12 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਹਰ ਮਿੰਟ ਤੇ ਗੋਲੀ ਚੱਲਦੀ ਸੀ। ਸਾਰੇ ਲੋਕ ਬਹੁਤ ਡਰ ਹੋਏ ਸੀ। ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਨੇ ਕਿਹਾ ਹੈ ਕਿ ਸੀਸੀਟੀਵੀ ਸਕੈਨ ਕੀਤੇ ਜਾ ਰਹੇ ਹਨ। ਚਰਚ ਦੇ ਆਲੇ-ਦੁਆਲੇ ਦੀਆਂ ਸੜਕਾਂ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਹੈ। ਪੁਲਿਸ ਦੇ ਅਨੁਸਾਰ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ, ਉਨ੍ਹਾਂ ਦੇ ਸਰੀਰ ‘ਤੇ ਗੋਲੀਆਂ ਦੇ ਜ਼ਖ਼ਮ ਹੋਏ ਸਨ।