ਮੁੰਬਈ ਦੇ ਬਾਂਦਰਾ ਟਰਮਿਨਸ ‘ਤੇ ਇਕ ਯਾਤਰੀ ਦੀ ਲਾਪਰਵਾਹੀ ਕਾਰਨ ਉਸ ਦੀ ਜਿੰਦਗੀ ਖਤਮ ਹੋਣ ਵਾਲੀ ਸੀ । ਦਰਅਸਲ, ਯਾਤਰੀ ਚੱਲਦੀ ਰੇਲਗੱਡੀ ‘ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਟੜੀ ਦੇ ਹੇਠਾਂ ਜਾਣ ਹੀ ਵਾਲਾ ਸੀ ਕਿ ਸਟੇਸ਼ਨ ‘ਤੇ ਤਾਇਨਾਤ ਰੇਲਵੇ ਸੁਰੱਖਿਆ ਬਲ (RPF) ਦੇ ਮੁਲਾਜ਼ਮ ਨੇ ਉਸ ਨੂੰ ਪਿੱਛੇ ਖਿੱਚ ਕੇ ਬਚਾ ਲਿਆ।
ਇਸ ਸਾਰੀ ਘਟਨਾ ਦੀ ਵੀਡੀਓ ਸਟੇਸ਼ਨ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ਨੂੰ ਪੱਛਮੀ ਰੇਲਵੇ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਇਸ ਕਲਿੱਪ ਵਿੱਚ ਇੱਕ ਭਾਰੀ ਸੂਟਕੇਸ ਲੈ ਕੇ ਚੱਲਦੀ ਰੇਲਗੱਡੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਇੱਕ ਯਾਤਰੀ ਦਾ ਸੰਤੁਲਨ ਵਿਗੜ ਜਾਂਦਾ ਹੈ। ਯਾਤਰੀ ਰੇਲਗੱਡੀ ਦੀ ਪਟੜੀ ਦੇ ਹੇਠਾਂ ਜਾਣ ਹੀ ਵਾਲਾ ਸੀ ਕਿ ਉੱਥੇ ਤਾਇਨਾਤ RPF ਕਾਂਸਟੇਬਲ ਸੁਸ਼ੀਲ ਕੁਮਾਰ ਨੇ ਯਾਤਰੀ ਨੂੰ ਪਿੱਛੇ ਤੋਂ ਫੜ ਕੇ ਖਿੱਚ ਲਿਆ ਅਤੇ ਯਾਤਰੀ ਦੀ ਜਾਨ ਬਚ ਗਈ।
ਵੀਡੀਓ ਨੂੰ ਸਾਂਝਾ ਕਰਦੇ ਹੋਏ, ਪੱਛਮੀ ਰੇਲਵੇ ਨੇ ਕਿਹਾ ਕਿ ਆਰਪੀਐਫ ਕਾਂਸਟੇਬਲ ਸੁਸ਼ੀਲ ਕੁਮਾਰ ਦੀ ਫੁਰਤੀ ਕਾਰਨ ਸਵਰਾਜ ਐਕਸਪ੍ਰੈਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਇੱਕ ਯਾਤਰੀ ਦੀ ਜਾਨ ਬਚ ਗਈ । ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਰੇਲਵੇ ਦੇ ਨਿਯਮਾਂ ਦੀ ਪਾਲਣਾ ਕਰਨ, ਚਲਦੀ ਰੇਲਗੱਡੀ ਵਿੱਚ ਨਾ ਚੜ੍ਹਨ ਅਤੇ ਨਾ ਉਤਰਨ ਦੀ ਕੋਸ਼ਿਸ ਕਰਨ ।