ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਦੀ ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੋਸ਼ੀ ਨੂੰ ਪੁਲਿਸ ਨੇ ਸ਼ਿਮਲਾ ਤੋਂ ਕਾਬੂ ਕੀਤਾ ਹੈ।ਜਿਸ ਦੀ ਪਹਿਚਾਣ ਸੰਨੀ ਵਾਸੀ ਰੋਹੜੂ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿੱਚੋਂ ਇੱਕ ਬੇਕਰੀ ਵਿੱਚ ਕੰਮ ਕਰਦਾ ਹੈ ਅਤੇ ਦੂਜਾ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਉੱਥੇ ਹੀ ਏਡੀਜੀਪੀ ਡੀਓ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਕਿਸੇ ਵੀ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ ਹੈ। ਸਗੋਂ ਲੜਕੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਹੁਣ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਡੀਓ ਨੇ ਕਿਹਾ ਕਿ ਅਸੀਂ ਫੋਨ ਵੀ ਚੈੱਕ ਕੀਤਾ, ਜਿਸ ‘ਚੋਂ ਵਿਦਿਆਰਥਣ ਦੀ ਕੋਈ ਵੀ ਵੀਡੀਓ ਨਹੀਂ ਮਿਲੀ ਜੋ ਇਤਰਾਜ਼ਯੋਗ ਹੋਵੇ, ਸਿਵਾਏ ਇਕ ਲੜਕੀ ਵੱਲੋਂ ਬਣਾਈ ਗਈ ਨਿੱਜੀ ਵੀਡੀਓ, ਜੋ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਸੀ। ਉਸਨੇ ਇਹ ਵੀ ਦੱਸਿਆ ਕਿ ਪੁਲਿਸ ਸ਼ਿਮਲਾ ਵਿੱਚ ਰਹਿਣ ਵਾਲੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਨ ਲਈ ਵੀ ਨਿਕਲ ਗਈ ਹੈ।
ਦੱਸ ਦੇਈਏ ਕਿ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਆਰ.ਐਸ. ਬਾਵਾ ਦਾ ਅਧਿਕਾਰਤ ਬਿਆਨ ਵੀ ਆ ਗਿਆ ਹੈ। ਉਸ ਨੇ ਇਨ੍ਹਾਂ ਖਬਰਾਂ ਦਾ ਵੀ ਖੰਡਨ ਕਰਦਿਆਂ ਕਿਹਾ, ‘ਅਜਿਹੀਆਂ ਅਫਵਾਹਾਂ ਹਨ ਕਿ 7 ਲੜਕੀਆਂ ਨੇ ਖੁਦਕੁਸ਼ੀ ਕਰ ਲਈ ਹੈ, ਜਦਕਿ ਸੱਚਾਈ ਇਹ ਹੈ ਕਿ ਕਿਸੇ ਵੀ ਲੜਕੀ ਨੇ ਅਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ‘ਚ ਕਿਸੇ ਵੀ ਲੜਕੀ ਨੂੰ ਹਸਪਤਾਲ ‘ਚ ਦਾਖਲ ਨਹੀਂ ਕਰਵਾਇਆ ਗਿਆ ਹੈ। ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦੀਆਂ ਸਾਰੀਆਂ ਅਫਵਾਹਾਂ ਪੂਰੀ ਤਰ੍ਹਾਂ ਝੂਠ ਅਤੇ ਬੇਬੁਨਿਆਦ ਹਨ।