ਗੁਰਾਇਆ ਦੇ ਪਿੰਡ ਧੁਲੇਤਾ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਗੈਸ ਸਿਲੰਡਰ ਫਟਣ ਕਾਰਨ ਘਰ ਦੀ ਛੱਤ ਉੱਡ ਗਈ ਅਤੇ ਘਰ ਵਿੱਚ ਪਏ ਸਾਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ ।ਇਸ ਹਾਦਸੇ ਦੇ ਦੌਰਾਨ ਘਰ ‘ਚ ਸਿਰਫ ਪਿਓ-ਧੀ ਮੌਜੂਦ ਸੀ,ਕੋਈ ਜਾਨੀ ਨੁਕਸਾਨ ਨਹੀਂ ਹੋਇਆ |
ਇਸ ਵੱਡੇ ਹਾਦਸੇ ਬਾਰੇ ਸੂਚਨਾ ਦਿੰਦਿਆਂ ਪੀੜਤ ਜਸਵੀਰ ਜੱਸਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਲੜਕੀ ਘਰ ‘ਚ ਮੌਜੂਦ ਸੀ। ਉਸ ਦੀ ਬੇਟੀ ਦੀ ਤਬੀਅਤ ਸਹੀ ਨਹੀਂ ਸੀ। ਇਸ ਦੌਰਾਨ ਜਦੋਂ ਜਸਵੀਰ ਨੇ ਰਸੋਈ ਚ ਜਾ ਕੇ ਚਾਹ ਬਣਾਉਣ ਲਈ ਜਦੋ ਗੈਸ ਨੂੰ ਚਾਲੂ ਕੀਤਾ ਤਾਂ ਸਿਲੰਡਰ ਨੂੰ ਅੱਗ ਲੱਗ ਗਈ। ਥੋੜ੍ਹੇ ਹੀ ਸਮੇ ਚ ਅੱਗ ਬਹੁਤ ਵੱਧ ਗਈ।
ਅੱਗ ਲੱਗਣ ਤੇ ਪਿਓ-ਧੀ ਨੇ ਘਰੋਂ ਬਾਹਰ ਜਾ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਦੌਰਾਨ ਘਰ ਦੀ ਛੱਤ ਵੀ ਡਿੱਗ ਗਈ ਅਤੇ ਨਾਲ ਹੀ ਰਸੋਈ ਵਿੱਚ ਰੱਖਿਆ ਫਰਿੱਜ, ਸਿਲੰਡਰ, ਗੈਸ ਚੁੱਲ੍ਹਾ, ਰਾਸ਼ਨ ਅਤੇ ਨਾਲ ਦੇ ਕਮਰੇ ਵਿੱਚ ਪਿਆ ਬੈੱਡ, ਕੱਪੜੇ ਅਤੇ ਮੋਬਾਈਲ ਫੋਨ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਬਣ ਗਿਆ।
ਪੀੜਤ ਨੇ ਅੱਗੇ ਕਿਹਾ ਕਿ ਘਰ ਦੇ ਨੇੜੇ ਹੀ ਪੁਲਿਸ ਥਾਣਾ ਹੈ, ਜਿੱਥੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਅਤੇ ਜਸਵੀਰ ਨੇ ਫਾਇਰ ਬ੍ਰਿਗੇਡ ਨੂੰ ਫ਼ੋਨ ਕਰਨ ਲਈ ਕਿਹਾ, ਇਸ ਤੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਕੋਲ ਫਾਇਰ ਬ੍ਰਿਗੇਡ ਦਾ ਨੰਬਰ ਨਹੀਂ ਹੈ, ਜਿਸ ਤੋਂ ਬਾਅਦ ਜਸਵੀਰ ਨੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਹਾਦਸੇ ‘ਚ ਕਾਫੀ ਨੁਕਸਾਨ ‘ਤੋਂ ਬਾਅਦ ਪੀੜਤ ਜਸਵੀਰ ਦੇ ਪਰਿਵਾਰ ਨੇ ਮਦਦ ਦੀ ਬੇਨਤੀ ਕੀਤੀ ਹੈ।