ਬਠਿੰਡਾ (ਨੀਰੂ): ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਖ ’ਚ ਚੋਣ ਪ੍ਰਚਾਰ ਕਰਨ ਲਈ ਨਜ਼ਦੀਕੀ ਪਿੰਡ ਨਰੂਆਣਾ ਆਏ। ਇੱਥੇ ਉਨ੍ਹਾਂ ਚੋਣ ਰੈਲੀ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸੇਧੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਵੀਂ ‘ਕਿੱਕਲੀ’ ਵਿੱਚ ਬਾਦਲਾਂ ਦੇ ਟੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਕੀਤੀ ਹੈ। ਉਨ੍ਹਾਂ ਕਵਿਤਾ ਸੁਣਾਈ ‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ। ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ। ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ…।’ ਮੁੱਖ ਮੰਤਰੀ ਨੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਧੌਣਾਂ ’ਚੋਂ ਕਿੱਲੇ ਕੱਢਣ ਦਾ ਵੱਡਾ ਤਜਰਬਾ ਹੈ। ਇੱਕ ਵੱਡਾ ਕਿੱਲਾ ਇਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਕੱਢਿਆ ਸੀ, ਹੁਣ ਇੱਕ ਛੋਟੀ ਜਿਹੀ ਕਿੱਲੀ ਫਸੀ ਹੋਈ ਹੈ, ਉਹ ਵੀ ਕੱਢ ਦੇਣਗੇ।’
ਰੈਲੀ ਵਿੱਚ ਬਠਿੰਡਾ ਤੋਂ ਚੋਣ ਲੜ ਰਹੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ ਸਮੇਤ ਕਈ ਵਿਧਾਇਕ ਹਾਜ਼ਰ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਫਾਜ਼ਿਲਕਾ ਵਿੱਚ ਰੋਡ ਸ਼ੋਅ ਕੀਤਾ।