ਹਿਸਾਰ: ਉੱਤਰੀ ਹਰਿਆਣਾ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦਾ ਸਹੀ ਮੁੱਲ ਨਾ ਮਿਲਿਆ ਤਾਂ 12 ਦਸੰਬਰ ਤੋਂ ਉਹ ਜਗਾਧਰੀ ਵਿੱਚ ਇੱਕਜੁੱਟ ਹੋ ਕੇ ਵੱਡਾ ਅੰਦੋਲਨ ਕਰਨਗੇ। ਇਸ ਦੌਰਾਨ ਕਿਸਾਨ ਆਗੂ ਰਤਨਮਨ ਨੇ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ।
ਹਰਿਆਣਾ ‘ਚ ਕਿਸਾਨ ਗੰਨਾ ਲੈ ਕੇ ਖੰਡ ਮਿੱਲਾਂ ‘ਚ ਪਹੁੰਚ ਰਹੇ ਹਨ ਪਰ ਕਿਸਾਨਾਂ ਨੂੰ ਉਸ ਦੀ ਕੀਮਤ ਨਹੀਂ ਮਿਲ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹੁਣ ਤੱਕ ਕਿਸਾਨਾਂ ਦੇ ਗੰਨੇ ਦਾ ਭਾਅ ਤੈਅ ਨਹੀਂ ਕੀਤਾ ਗਿਆ, ਜਿਸ ਕਾਰਨ ਕਿਸਾਨ ਆਗੂਆਂ ਵਿੱਚ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਕਿਸਾਨ ਆਗੂਆਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ 12 ਦਸੰਬਰ ਤੱਕ ਕਿਸਾਨਾਂ ਦੇ ਗੰਨੇ ਦਾ ਭਾਅ ਤੈਅ ਨਾ ਕੀਤਾ ਤਾਂ ਉਹ ਇੱਕ ਵਾਰ ਫਿਰ ਤੋਂ ਵੱਡਾ ਅੰਦੋਲਨ ਵਿੱਢਣਗੇ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁਰਜਰ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਕਿਸਾਨਾਂ ਨਾਲ ਹੋ ਰਿਹਾ ਇਹ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।