ਦਿੱਲੀ ‘ਤੋਂ ਲੰਡਨ ਜਾ ਰਹੀ ਫਲਾਈਟ ‘ਚ ਯਾਤਰੀ ਨੇ ਕਰੂ ਦੇ ਮੈਂਬਰਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਰੂ ਦੇ 2 ਮੈਂਬਰਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਜਿਸ ‘ਤੋਂ ਬਾਅਦ ਫਲਾਈਟ ਨੂੰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਉਤਾਰਿਆ ਗਿਆ ਹੈ। ਏਅਰਲਾਈਨ ਨੇ ਯਾਤਰੀ ਦੇ ਵਿਰੁੱਧ ਦਿੱਲੀ ਏਅਰਪੋਰਟ ਪੁਲਿਸ ਸਟੇਸ਼ਨ ‘ਚ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਵੱਲੋ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਏਅਰ ਇੰਡੀਆ ਦੀ ਫਲਾਈਟ AI-111 ਨੇ ਸਵੇਰੇ 6.30 ਵਜੇ ਦਿੱਲੀ ਤੋਂ ਟੇਕਆਫ ਕੀਤਾ ਸੀ। ਫਲਾਈਟ ਦੇ ਉਡਾਨ ਭਰਨ ਦੇ ਕੁਝ ਸਮੇਂ ਬਾਅਦ ਹੀ ਯਾਤਰੀ ਅਤੇ ਕਰੂ ਮੈਂਬਰਾਂ ਦੀ ਆਪਸ ਵਿੱਚ ਲੜਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਟਾਫ ਵੱਲੋ ਯਾਤਰੀ ਨੂੰ ਚੇਤਾਵਨੀ ਦਿੱਤੀ ਪਰ ਯਾਤਰੀ ਨੇ ਬਦਸਲੂਕੀ ਕਰਨੀ ਬੰਦ ਨਹੀਂ ਕੀਤੀ। ਉਸ ਯਾਤਰੀ ਨੇ ਕੈਬਿਨ ਕਰੂ ਦੇ ਦੋ ਮੈਂਬਰਾਂ ਨੂੰ ਵੀ ਜਖ਼ਮੀ ਕਰ ਦਿੱਤਾ | ਇਸ ਤੋਂ ਬਾਅਦ ਫਲਾਈਟ ਨੂੰ ਦਿੱਲੀ ਹਵਾਈ-ਅੱਡੇ ਵਾਪਸ ਪਰਤਣਾ ਪਿਆ।
ਫਲਾਈਟ ਦੇ ਦਿੱਲੀ ਏਅਰਪੋਰਟ ਪਹੁੰਚਣ ਤੋਂ ਬਾਅਦ ਯਾਤਰੀ ਦੇ ਵਿਰੁੱਧ ਪੁਲਿਸ ਨੇ ਐਫਆਈਆਰ ਦਰਜ ਕੀਤੀ ਅਤੇ ਮੁਲਜ਼ਮ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਏਅਰਲਾਈਨ ਨੇ ਬਾਕੀ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਲੰਡਨ ਜਾਣ ਲਈ ਫਿਰ ਤੋਂ ਉਹ ਹੀ ਫਲਾਈਟ ਵਾਪਸ ਉਡਾਨ ਭਰੇਗੀ |