ਪੰਜਾਬ ‘ਚ ਭਗਵੰਤ ਮਾਨ ਦੀ ‘ਆਪ’ ਸਰਕਾਰ ਨੇ ਪ੍ਰਾਈਵੇਟ ਸਕੂਲਾਂ ‘ਤੇ ਡੰਡਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਵੀ ਦੁਕਾਨ ਤੋਂ ਸਕੂਲੀ ਕਿਤਾਬਾਂ ਜਾਂ ਵਰਦੀਆਂ ਲੈਣ ਲਈ ਮਜਬੂਰ ਨਹੀਂ ਕਰ ਸਕਦੇ। ‘ਆਪ’ ਸਰਕਾਰ ਨੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਹੁਕਮਾਂ ਵਿੱਚ ਕਿਹਾ ਹੈ – ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਉਨ੍ਹਾਂ ਦੁਕਾਨਾਂ ਦੀ ਸੂਚੀ ਜਾਰੀ ਕਰਨੀ ਪਵੇਗੀ ਜਿੱਥੋਂ ਬੱਚੇ ਕਿਤਾਬਾਂ ਅਤੇ ਵਰਦੀਆਂ ਖਰੀਦ ਸਕਦੇ ਹਨ। ਇਹ ਸੂਚੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਭੇਜਣੀ ਹੋਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਇਨ੍ਹਾਂ ਦੁਕਾਨਾਂ ’ਤੇ ਟੀਮਾਂ ਭੇਜ ਕੇ ਜਾਂਚ ਕਰਵਾਉਣਗੇ। ਇਹ ਟੀਮ ਕਿਸੇ ਵੀ ਸਮੇਂ ਇਨ੍ਹਾਂ ਦੁਕਾਨਾਂ ‘ਤੇ ਜਾ ਕੇ ਜਾਂਚ ਕਰੇਗੀ ਕਿ ਉਹ ਸਾਮਾਨ ਇੱਥੇ ਉਪਲਬਧ ਹੈ ਜਾਂ ਨਹੀਂ। ਜੇਕਰ ਸਕੂਲ ਦਾ ਨਾਂ ਗਲਤ ਪਾਇਆ ਗਿਆ ਤਾਂ ਸਕੂਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹੁਕਮਾਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਸਕੂਲੀ ਵਰਦੀ ਦੇ ਡਿਜ਼ਾਈਨ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਪੁਰਾਣੇ ਬੱਚਿਆਂ ਨੂੰ ਨਵੀਂ ਡਰੈੱਸ ਖਰੀਦਣ ਲਈ ਦੋ ਸਾਲ ਦਾ ਸਮਾਂ ਦੇਣਾ ਹੋਵੇਗਾ। ਉਦੋਂ ਤੱਕ ਬੱਚਿਆਂ ਨੂੰ ਪੁਰਾਣੇ ਕੱਪੜੇ ਪਾ ਕੇ ਸਕੂਲ ਆਉਣ ਦੀ ਇਜਾਜ਼ਤ ਹੋਵੇਗੀ।
‘ਆਪ’ ਸਰਕਾਰ ਨੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਕਮਾਂ ਦੀ ਕਾਪੀ ਭੇਜ ਦਿੱਤੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਹਾਲਤ ਦਾ ਜਾਇਜ਼ਾ ਲੈ ਰਹੇ ਹਨ ਕਿ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ‘ਆਪ’ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਕਰਨ ਲਈ ਟੀਮ ਵੀ ਬਣਾਈ ਗਈ ਹੈ।