ਅੰਮ੍ਰਿਤਸਰ ‘ਚ ਵੀਰਵਾਰ ਨੂੰ ਦਿਨ ਦਿਹਾੜੇ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ‘ਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਹੈ | ਬੈਂਕ ਚ ਆਏ ਦੋ ਲੁਟੇਰੇ ਕੁਝ ਹੀ ਮਿੰਟਾਂ ‘ਚ ਬੈਂਕ ‘ਵਿੱਚੋ 22 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰਤੀ ਹੈ।
ਇਹ ਘਟਨਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਾਣੀ ਕਾ ਬਾਗ ਦੀ ਹੈ। ਇੱਥੇ ਦੁਪਹਿਰ ਦੇ ਸਮੇ ਦੋ ਲੁਟੇਰੇ ਸਕੂਟੀ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਪਹੁੰਚੇ। ਪੁਲਿਸ ਦੇ ਅਨੁਸਾਰ ਇੱਕ ਲੁਟੇਰਾ ਬਾਹਰ ਖੜ੍ਹਾ ਰਿਹਾ ਅਤੇ ਦੂਸਰਾ ਨਕਾਬਪੋਸ਼ ਬੈਂਕ ਦੇ ਅੰਦਰ ਚਲਾ ਗਿਆ।
ਬੈਂਕ ਦੇ ਅੰਦਰ ਜਾਣ ਵਾਲੇ ਲੁਟੇਰੇ ਨੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਉਹ ਸਿੱਧਾ ਕੈਸ਼ੀਅਰ ਦੀ ਖਿੜਕੀ ਦੇ ਬਾਹਰ ਗਿਆ ਅਤੇ ਉੱਥੇ ਬੈਠੇ ਮੁਲਾਜ਼ਮ ਨੂੰ ਪਿਸਤੌਲ ਦਿਖਾ ਕੇ ਧਮਕਾਇਆ। ਇਸ ਤੋਂ ਬਾਅਦ ਉਸ ਨੇ ਕੈਸ਼ੀਅਰ ਨੂੰ ਚਿੱਟੇ ਰੰਗ ਦਾ ਲਿਫਾਫਾ ਫੜਾਉਂਦੇ ਹੋਏ ਸਾਰੀ ਨਕਦੀ ਵਿੱਚ ਰੱਖਣ ਲਈ ਕਿਹਾ। ਉਸ ਸਮੇਂ 22 ਲੱਖ ਰੁਪਏ ਕੈਸ਼ ਵਿੰਡੋ ‘ਤੇ ਰੱਖੇ ਹੋਏ ਸੀ । ਕੈਸ਼ੀਅਰ ਨੇ ਸਾਰੇ ਪੈਸੇ ਇੱਕ ਲਿਫ਼ਾਫ਼ੇ ਵਿੱਚ ਪਾ ਦਿੱਤੇ, ਜਿਸ ਨੂੰ ਲੁਟੇਰਾ ਚੁੱਕ ਕੇ ਬੈਂਕ ਵਿੱਚੋਂ ਚਲਾ ਗਿਆ।
ਜਦੋਂ ਤੱਕ ਨਕਾਬਪੋਸ਼ ਲੁਟੇਰਾ ਬੈਂਕ ਦੇ ਅੰਦਰ ਰਿਹਾ, ਉਸ ਨੇ ਆਪਣੀ ਪਿਸਤੌਲ ਨਾਲ ਹਵਾ ਵਿੱਚ ਫਾਇਰ ਕਰ ਦਿੱਤਾ ਅਤੇ ਬੈਂਕ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੰਦਾ ਰਿਹਾ| ਅੰਮ੍ਰਿਤਸਰ ਦੇ ਡੀਸੀਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਘਟਨਾ ਵਿੱਚ ਵਰਤੀ ਗਈ ਸਕੂਟੀ ਬਾਰੇ ਅੰਮ੍ਰਿਤਸਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡੀਸੀਪੀ ਨੇ ਜਲਦੀ ਹੀ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ |
ਅੰਮ੍ਰਿਤਸਰ ਦੇ ਰਾਣੀ ਕਾ ਬਾਗ ਵਿੱਚ ਪੀਐਨਬੀ ਦੀ ਸ਼ਾਖਾ, ਜਿੱਥੇ ਇਹ ਲੁੱਟ-ਖੋਹ ਦੀ ਘਟਨਾ ਵਾਪਰੀ, ਉਸ ਦਾ ਖੇਤਰੀ ਦਫ਼ਤਰ ਵੀ ਪਹਿਲੀ ਮੰਜ਼ਿਲ ’ਤੇ ਹੈ। ਇਸ ਦੇ ਬਾਵਜੂਦ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਨਹੀਂ ਸੀ। ਇਸ ਸੜਕ ‘ਤੇ ਹਮੇਸ਼ਾ ਹੀ ਗਤੀਵਿਧੀ ਹੁੰਦੀ ਰਹਿੰਦੀ ਹੈ, ਜਿਸ ਦਾ ਲੁਟੇਰਿਆਂ ਨੇ ਫਾਇਦਾ ਚੁੱਕਿਆ ਹੈ ।