ਅੰਮ੍ਰਿਤਸਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । 12 ਸਾਲਾ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਫਗਵਾੜਾ ‘ਚ ਰਹਿੰਦਾ ਹੈ ਅਤੇ ਬੱਚੀ ਦੀ ਸਿਹਤ ਵਿਗੜਨ ਮਗਰੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਗਏ। ਡਾਕਟਰਾਂ ਦੀ ਟੀਮ ਬੱਚੀ ਅਤੇ ਬੱਚੇ ਦੋਵਾਂ ਦੀ ਸਿਹਤ ਦਾ ਧਿਆਨ ਰੱਖਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੀ ਹੈ। ਫਗਵਾੜਾ ਪੁਲਿਸ ਦੀ ਟੀਮ ਵੀ ਇਸ ਕੇਸ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਤਾ ਪਿਛਲੇ ਦਿਨੀਂ ਬੱਚੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਗਿਆ ਸੀ । ਪੇਟ ਵਿਚ ਦਰਦ ਦੀ ਸ਼ਿਕਾਇਤ ਮਗਰੋਂ ਬੱਚੀ ਨੂੰ ਭਰਤੀ ਕਰਵਾ ਦਿੱਤਾ ਗਿਆ ਸੀ ਪਰ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਕੁੜੀ ਗਰਭਵਤੀ ਸੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੱਚੀ ਦੀ ਸਵੇਰੇ ਡਿਲੀਵਰੀ ਹੋਈ ਹੈ |
ਡਾਕਟਰਾਂ ਦੀ ਟੀਮ ਨੇ ਬੱਚੀ ਅਤੇ ਉਸ ਦੇ ਬੱਚੇ ਦੇ ਧਿਆਨ ਵਾਸਤੇ ਸੰਸਥਾ ਹਿੰਦ ਸਮਾਜ ਏਕਤਾ ਨਾਲ ਸੰਪਰਕ ਕੀਤਾ ਹੈ। ਹਿੰਦ ਸਮਾਜ ਏਕਤਾ ਦੇ ਅਹੁਦੇਦਾਰ ਸੰਤੋਸ਼ ਕੁਮਾਰ ਨੇ ਕਿਹਾ ਹੈ ਕਿ ਬੱਚੀ ਦੇ ਪਿਤਾ ਅਨੁਸਾਰ ਉਹ ਬੀਤੇ 7 ਮਹੀਨਿਆਂ ਤੋਂ ਪੇਟ ਦਰਦ ਹੋਣ ‘ਤੇ ਕੁੜੀ ਨੂੰ ਪੇਟ ਦਰਦ ਦੀ ਦਵਾਈ ਦੇ ਰਿਹਾ ਸੀ। ਉਸ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਤੇ ਹੀ ਪਤਾ ਲੱਗਿਆ ਕਿ ਕੁੜੀ ਗਰਭਵਤੀ ਹੈ।
ਪੀੜਤ ਬੱਚੀ ਨੇ ਸੰਸਥਾ ਦੀ ਮਹਿਲਾ ਮੈਂਬਰ ਕੁਮਾਰੀ ਜੋਤੀ ਡਿੰਪਲ ਨੂੰ ਕਿਹਾ ਹੈ ਕਿ ਉਸ ਦੀ ਮਾਤਾ ਉਨ੍ਹਾਂ ਨਾਲ ਨਹੀਂ ਰਹਿ ਰਹੀ। ਮਾਂ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚੱਲ ਗਈ ਸੀ। ਬੱਚੀ ਆਪਣੇ ਪਿਤਾ ਨੂੰ ਮੁਲਜ਼ਮ ਤੇ ਉਸ ਨਾਲ ਹੋਏ ਗਲਤ ਕੰਮਾਂ ਬਾਰੇ ਨਹੀਂ ਦੱਸ ਸਕਦੀ ਸੀ ।ਪੀੜਤ ਬੱਚੀ ਨੇ ਕਿਹਾ ਕਿ ਟਾਇਲਟ ਜਾਂਦੇ ਵਕਤ ਉਸ ਨਾਲ ਇਹ ਗਲਤ ਕੰਮ ਹੋਇਆ ਹੈ। ਪਰਿਵਾਰ ਬਹੁਤ ਗਰੀਬ ਹੈ, ਜਿਸ ਵਜ੍ਹਾ ਕਰਕੇ ਉਹ ਘਰ ਤੋਂ ਬਾਹਰ ਸ਼ੌਚ ਲਈ ਜਾਂਦੇ ਸੀ। ਫਗਵਾੜਾ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਹੋਈ ਹੈ। ਬੱਚੀ ਦੇ ਪਰਿਵਾਰ ਤੇ ਜਥੇਬੰਦੀ ਦੇ ਅਹੁਦੇਦਾਰਾਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ।