ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ 32 ਘੰਟਿਆਂ ਮਗਰੋਂ ਫਿਰ ਤੋਂ ਧਮਾਕਾ ਹੋ ਗਿਆ ਹੈ। ਸਵੇਰ ਦਾ ਸਮਾਂ ਹੋਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਹ ਧਮਾਕਾ ਉਸੇ ਥਾਂ ਦੇ ਨਜ਼ਦੀਕ ਵਾਪਰਿਆ ਹੈ,ਜਿੱਥੇ ਸ਼ਨੀਵਾਰ ਰਾਤ ਨੂੰ ਇਹ ਘਟਨਾ ਹੋਈ ਸੀ। ਹਾਲੇ ਤੱਕ ਪੁਲਿਸ ਨੂੰ ਪਹਿਲੇ ਧਮਾਕੇਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਅਤੇ ਇਸੇ ਦੌਰਾਨ ਮੁੜ ਤੋਂ ਧਮਾਕਾ ਹੋ ਗਿਆ ।
ਇਸ ਧਮਾਕੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਆਪ ਮੌਕੇ ‘ਤੇ ਪਹੁੰਚੇ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਹੀ ਪਹੁੰਚੇ ਗਏ ਹਨ। ਇਸ ਹਾਦਸੇ ਤੋਂ ਮਗਰੋਂ ਅੰਮ੍ਰਿਤਸਰ ਪੁਲਿਸ ਦੇ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਪੁੱਜ ਗਈਆਂ ਹਨ। ਮੈਟਲ ਡਿਟੈਕਟਰ ਦੇ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਭਾਲ ਕੀਤੀ ਜਾ ਰਹੀ ਹੈ। ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਹੋ ਰਹੀ ਹੈ।
ਬੀ.ਆਰ.ਅੰਬੇਦਕਰ ਦੇ ਬੁੱਤ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਬੂਟੇ ਵਾਲਾ ਚੌਕ ਤੱਕ ਇੱਕ ਪਾਸੇ ਦੀ ਆਵਾਜਾਈ ਬੰਦ ਕੀਤੀ ਗਈ ਹੈ। ਸ਼ੱਕੀ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ ਹਨ। ਪੁਲਿਸ ਇਸ ਘਟਨਾ ਬਾਰੇ ਹਾਲੇ ਕੋਈ ਵੀ ਗੱਲ ਨਹੀਂ ਕਰ ਰਹੀ। 32 ਘੰਟਿਆਂ ‘ਚ ਦੂਜੇ ਧਮਾਕੇ ਅਤੇ ਇਸ ਦੀ ਵਜ੍ਹਾ ਦਾ ਪਤਾ ਨਾ ਹੋਣ ਦੇ ਕਰਕੇ ਪਰੇਸ਼ਾਨੀ ਵੱਧ ਰਹੀ ਹੈ।