ਅੰਮ੍ਰਿਤਸਰ ‘ਚ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਪੰਜ ਦਿਨ ਬਾਅਦ ਤੀਸਰੀ ਵਾਰ ਧਮਾਕਾ ਹੋ ਗਿਆ ਹੈ। ਧਮਾਕਾ ਬੁੱਧਵਾਰ ਰਾਤ 12.10 ਵਜੇ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਨਜ਼ਦੀਕ ਵਾਪਰਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਫਸਰ ਮੌਕੇ ‘ਤੇ ਪੁੱਜ ਗਏ ਅਤੇ ਧਮਾਕੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਇਸ ਘਟਨਾ ‘ਚ ਲੰਗਰ ਹਾਲ ਦੇ ਨੇੜੇ ਸ੍ਰੀ ਗੁਰੂ ਰਾਮਦਾਸ ਸਰਾਏ ਤੋਂ ਇੱਕ ਮੁੰਡਾ ਤੇ ਕੁੜੀ ਸਣੇ ਪੰਜ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ 8 ਬੰਬ ਵੀ ਬਰਾਮਦ ਕੀਤੇ ਗਏ ਹਨ। ਜਾਂਚ ਦੇ ਦੌਰਾਨ ਸਰਾਏ ਦੇ ਸੀਸੀਟੀਵੀ ਕੈਮਰਿਆਂ ਤੋਂ ਦੋ ਸ਼ੱਕੀ ਲੋਕਾਂ ਦੀ ਤਲਾਸ਼ੀ ਕੀਤੀ ਗਈ ਹੈ। ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡਿਆ ਤੇ ਇਸ ਸਬੰਧੀ ਸੂਚਨਾ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਵਿੱਚ ਧਮਾਕੇ ਦੀ ਘਟਨਾ ਦਾ ਪਤਾ ਲੱਗ ਗਿਆ ਹੈ। ਪੰਜ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਲੋਕਾਂ ਦਾ ਮਕਸਦ ਸਿਰਫ਼ ਸ਼ਾਂਤੀ ਨੂੰ ਭੰਗ ਕਰਨਾ ਸੀ। ਉਨ੍ਹਾਂ ਨੇ ਧਮਾਕੇ ਲਈ ਪਟਾਕੇ ਵਾਲੇ ਬਾਰੂਦ ਦਾ ਉਪਯੋਗ ਕੀਤਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਘਟਨਾ ਬਾਰੇ ਛੇਤੀ ਹੀ ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਕਰਨਗੇ।