ਅੰਬਾਲਾ ਤੋਂ ਭਾਜਪਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਅੱਜ ਯਾਨੀ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਨਿਮੋਨੀਆ ਦੇ ਕਾਰਨ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ।ਉਨ੍ਹਾਂ ਦੀ ਅੰਤਿਮ ਸਮੇਂ ਦੀ ਯਾਤਰਾ ਸੈਕਟਰ-4, ਮਨਸਾ ਦੇਵੀ ਕੰਪਲੈਕਸ, ਪੰਚਕੂਲਾ ਤੋਂ ਸਵੇਰੇ 11:30 ਵਜੇ ਰਵਾਨਾ ਹੋ ਜਾਵੇਗੀ। ਦੁਪਹਿਰ ਨੂੰ ਸ਼ਮਸ਼ਾਨਘਾਟ ਮਨੀਮਾਜਰਾ ਵਿਖੇ ਅੰਤਿਮ ਸੰਸਕਾਰ ਹੋਵੇਗਾ।ਅਜੇ 4 ਮਈ ਨੂੰ ਹੀ ਉਨ੍ਹਾਂ ਨੇ ਪੀਜੀਆਈ ‘ਚ ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈ ਸੀ ।
ਸੂਚਨਾ ਦੇ ਅਨੁਸਾਰ ਰਤਨ ਲਾਲ ਕਟਾਰੀਆ ਦਾ ਜਨਮ 19 ਦਸੰਬਰ 1951 ਨੂੰ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਸੰਧਲੀ ਦਾ ਹੈ। ਉਨ੍ਹਾਂ ਦੀ ਇੱਕ ਕੁੜੀ ਅਤੇ ਦੋ ਮੁੰਡੇ ਹਨ। ਉਨ੍ਹਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਬੀਏ ਆਨਰਜ਼ ‘ਤੇ ਮਾਸਟਰ ਡਿਗਰੀ ਤੋਂ ਇਲਾਵਾ ਐਲਐਲਬੀ ਵੀ ਕੀਤੀ ਹੈ। ਹਰੀਜਨ ਕਲਿਆਣ ਨਿਗਮ ਦੇ ਮੁੱਖੀ ਅਤੇ ਗੁਰੂ ਰਵਿਦਾਸ ਸਭਾ ਦੇ ਮੁੱਖੀ ਵੀ ਰਹਿ ਚੁੱਕੇ ਸਨ। ਰਤਨ ਲਾਲ ਕਟਾਰੀਆ ਬੀਤੇ 50 ਸਾਲਾਂ ਤੋਂ ਆਰਐਸਐਸ ਦੇ ਨਾਲ ਕਾਰਜ ਕਰ ਰਹੇ ਸਨ|
ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ‘ਚ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।