ਅਗਨੀਪਥ ਯੋਜਨਾ ਦੇ ਖਿਲਾਫ ਨੌਜਵਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬਿਹਾਰ ਦੇ ਸਮਸਤੀਪੁਰ ਅਤੇ ਲਖੀਸਰਾਏ ‘ਚ ਸ਼ੁੱਕਰਵਾਰ ਸਵੇਰੇ ਨੌਜਵਾਨਾਂ ਨੇ ਟਰੇਨ ਨੂੰ ਅੱਗ ਲਗਾ ਦਿੱਤੀ। ਨੌਜਵਾਨਾਂ ਦੀ ਭੀੜ ਨੇ ਕਈ ਏਸੀ ਕੋਚਾਂ ਨੂੰ ਅੱਗ ਲਾ ਦਿੱਤੀ। ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਬਲੀਆ ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਨੇ ਭੰਨਤੋੜ ਕੀਤੀ।…ਦੱਸ ਦੇਈਏ ਕਿ ਵੀਰਵਾਰ ਨੂੰ ਵੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਕਈ ਰਾਜਾਂ ਦੇ ਨੌਜਵਾਨਾਂ ਵਿੱਚ ਉਬਾਲ ਆਇਆ ਸੀ। ਕਈ ਥਾਵਾਂ ‘ਤੇ ਅੱਗਜ਼ਨੀ ਹੋਈ, ਰੇਲ ਅਤੇ ਸੜਕ ਜਾਮ ਕਰ ਦਿੱਤੀ ਗਈ। ਇਸ ਯੋਜਨਾ ਦੇ ਵਿਰੋਧ ‘ਚ ਉੱਤਰ ਪ੍ਰਦੇਸ਼ ਦੇ ਬਲੀਆ ‘ਚ ਨੌਜਵਾਨ ਸੜਕਾਂ ‘ਤੇ ਉਤਰ ਆਏ।
ਬਕਸਰ ਦੇ ਬੀਹੀਆ ਥਾਣੇ ਦੇ ਐਸਆਈ ਰਾਮ ਸਵਰੂਪ ਨੇ ਦੱਸਿਆ ਕਿ ਹੰਗਾਮਾ ਅਤੇ ਹਿੰਸਾ ਕਰਨ ਵਾਲੇ ਜ਼ਿਆਦਾਤਰ ਲੋਕ ਸ਼ਹਿਰ ਦੇ ਸਨ। ਉਨ੍ਹਾਂ ਕਿਹਾ ਕਿ ਇਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ। ਸ਼ਹਿਰ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇੰਜ ਲੱਗ ਰਿਹਾ ਸੀ ਜਿਵੇਂ ਸਭ ਨੂੰ ਭਾੜੇ ‘ਤੇ ਲਿਆ ਗਿਆ ਹੋਵੇ। ਹਿੰਸਾ ਵਿੱਚ ਐਸਆਈ ਰਾਮ ਸਵਰੂਪ ਸਮੇਤ ਦੋ ਹੋਰ ਰੇਲਵੇ ਕਰਮਚਾਰੀ ਜ਼ਖ਼ਮੀ ਹੋ ਗਏ ਹਨ।
ਦੂਜੇ ਪਾਸੇ ਸਿਆਸੀ ਪਾਰਟੀਆਂ ਨੇ ਵੀ ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਬਚਾਅ ਕਰਦੇ ਹੋਏ ਯੂਪੀ ਦੇ ਮੰਤਰੀ ਸਵਤੰਤਰਦੇਵ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਨੇ ਪਹਿਲਾਂ ਕਿਸਾਨਾਂ ਨੂੰ ਭੜਕਾਇਆ ਅਤੇ ਹੁਣ ਫੌਜੀਆਂ ਨੂੰ ਭੜਕਾ ਰਿਹਾ ਹੈ।