ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ (Harish Chaudhary) ਵੱਲੋਂ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖੇ ਜਾਣ ਤੋਂ ਬਾਅਦ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਚੁੱਪੀ ਤੋੜੀ ਹੈ। ਕਾਂਗਰਸ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਕਿ ਮੈਂ ਅਕਸਰ ਆਪਣੇ ਖਿਲਾਫ ਚੁੱਪ ਹੋ ਕੇ ਸੁਣਦਾ ਹਾਂ, ਜਵਾਬ ਦੇਣ ਦਾ ਹੱਕ ਮੈਂ ਸਮੇਂ ਨੂੰ ਦਿੱਤਾ ਹੈ।
अपने ख़िलाफ़ बातें मैं अक्सर खामोशी से सुनता हूँ . . . . .
जवाब देने का हक़ , मैंने वक्त को दे रखा है . . .— Navjot Singh Sidhu (@sherryontopp) May 4, 2022
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਸਿੱਧੂ ਅਤੇ ਕਾਂਗਰਸ ਵਿਚਾਲੇ ਆਪਸੀ ਕਲੇਸ਼ ਖਤਮ ਨਹੀਂ ਹੋਇਆ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸਿੱਧੂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ। ਹੁਣ ਪਾਰਟੀ ਲੀਡਰਸ਼ਿਪ ਨੇ ਵੀ ਇਹ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਕਈ ਵਾਰ ਕਾਂਗਰਸ ‘ਤੇ ਸਵਾਲ ਚੁੱਕੇ ਗਏ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਇਮਾਨਦਾਰ ਅਤੇ ਛੋਟਾ ਭਰਾ ਦੱਸਿਆ ਸੀ। ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਇਸ ਲਈ ਮੌਕਾ ਦਿੱਤਾ ਕਿਉਂਕਿ ਸਾਬਕਾ ਕਾਂਗਰਸੀ ਮੁੱਖ ਮੰਤਰੀ ਨੇ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਮੇਰੀ ਲੜਾਈ ਵੀ ਮਾਫੀਆ ਖਿਲਾਫ ਹੈ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਛੋਟਾ ਭਰਾ ਅਤੇ ਇਮਾਨਦਾਰ ਹੈ। ਮਾਨ ਨੂੰ ਮਾਫੀਆ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ।