ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਦੀ ਪਤਨੀ ਚਰਨ ਕੌਰ ਵੀ ਨਾਲ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਦੇ ਕਾਤਲਾਂ ਨੂੰ ਨਾ ਫੜਨ ਲਈ ਸਰਕਾਰ ਨੂੰ ਘੇਰਿਆ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਉਨ੍ਹਾਂ ਨੂੰ ਮਿਲਣ ਆਏ ਸੀ ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਲਕੌਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ 20 ਤਰੀਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਜ਼ਰੂਰ ਮਿਲਣਗੇ ਅਤੇ ਉਹ ਖੁਦ ਉਨ੍ਹਾਂ ਨੂੰ ਬੁਲਾ ਲੈਣਗੇ । ਜਿਸ ਤੋਂ ਬਾਅਦ ਬਲਕੌਰ ਸਿੰਘ ਨੇ ਧਰਨਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਤਰੀ ਧਾਲੀਵਾਲ ਨੂੰ ਦੱਸਿਆ ਕਿ ਜੇਲ ਮੰਤਰਾਲਾ ਮੁੱਖ ਮੰਤਰੀ ਕੋਲ ਹੈ, ਫਿਰ ਵੀ ਸਿੱਧੂ ਦੇ ਕਾਤਲਾਂ ਨੂੰ ਜੇਲ ‘ਚ ਮਾਰ ਦਿੱਤਾ ਗਿਆ। ਜਿਨ੍ਹਾਂ ਦੇ ਨਾਂ ਅਸੀਂ ਦੱਸ ਰਹੇ ਹੈ, ਉਨ੍ਹਾਂ ਵਿਰੁੱਧ ਆਪ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ |
ਜਿਸ ‘ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਤੁਸੀਂ ਧਰਨਾ ਸਮਾਪਤ ਕਰ ਦਿਓ । ਜੇਲ੍ਹ ਦੀਆਂ ਘਟਨਾਵਾਂ ‘ਤੇ ਉਸੇ ਦਿਨ ਕਾਰਵਾਈ ਕੀਤੀ ਗਈ ਸੀ | ਜੇਲ੍ਹ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ, ਇਹ ਅਦਾਲਤ ਦਾ ਫੈਸਲਾ ਸੀ। ਸਰਕਾਰ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਵਿੱਚ ਲੱਗੀ ਹੋਈ ਹੈ। ਬਾਹਰ ਬੈਠੇ ਗੈਂਗਸਟਰਾਂ ਨੂੰ ਵੀ ਫੜਿਆ ਜਾਵੇਗਾ। ਸਿੱਧੂ ਮੂਸੇਵਾਲਾ ਪੂਰੇ ਪੰਜਾਬ ਦਾ ਪੁੱਤਰ ਸੀ। ਅਸੀਂ ਸਾਰੇ ਬੈਠ ਕੇ ਕੋਈ ਹੱਲ ਕਰਾਂਗੇ |
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬੀਤੇ 10 ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਵੀ ਉਨ੍ਹਾਂ ਦੇ ਸਮਰਥਨ ‘ਚ ਆ ਗਏ ਹਨ। ਪੁਲਿਸ ਨੇ ਹੁਣ ਤੱਕ ਹਮਲਾਵਰਾਂ ਅਤੇ ਗੈਂਗਸਟਰਾਂ ਵਿਰੁੱਧ ਐਕਸ਼ਨ ਲਿਆ ਹੈ। ਪਰ ਇਸ ਸਭ ਪਿੱਛੇ ਕੌਣ ਹੈ, ਇਸ ਬਾਰੇ ਹਾਲੇ ਵੀ ਕਿਸੇ ਨੂੰ ਕੁਝ ਨਹੀਂ ਪਤਾ ।
ਸਿੱਧੂ ਦੇ ਪਿਤਾ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਦੀ ਸਰਕਾਰ ਸੀ, ਉਨ੍ਹਾਂ ਦਾ ਪੁੱਤਰ ਸੁਰੱਖਿਅਤ ਸੀ। ‘ਆਪ’ ਦੀ ਸਰਕਾਰ ਆਉਂਦੇ ਹੀ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਵਾਪਸ ਲੈ ਲਈ ਗਈ । ਇਸ ਸੰਵੇਦਨਸ਼ੀਲ ਗੱਲ ਨੂੰ ਜਨਤਕ ਕੀਤਾ ਗਿਆ ਸੀ ਤਾਂ ਜੋ ਗੈਂਗਸਟਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਪੁੱਤਰ ਇਕੱਲਾ ਹੈ। ਉਹ ਇਸ ਸਰਕਾਰ ਤੋਂ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ |ਉਨ੍ਹਾਂ ਨੂੰ ‘ਆਪ’ ਸਰਕਾਰ ‘ਤੇ ਭਰੋਸਾ ਨਹੀਂ ਰਿਹਾ, ਉਨ੍ਹਾਂ ਨੇ ਕਿਹਾ ਜੇਕਰ ਉਹ ਸੁਰੱਖਿਆ ਵਾਪਸ ਲੈ ਲੈਂਦੇ ਹਨ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ । ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਹੁਣ ਅਸੀਂ ਸਿਰ ‘ਤੇ ਕਫ਼ਨ ਬੰਨ੍ਹ ਲਿਆ ਹੈ। ਇਨਸਾਫ਼ ਦੀ ਮੰਗ ਕਰਨਾ ਗਲਤ ਨਹੀਂ ਹੈ।