ਮਾਨਸਾ: ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਸਿਆਸਤਦਾਨ ਅਤੇ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸੇ ਵਿਖੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਅੱਜ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਮੂਸੇਵਾਲਾ ਦੇ ਘਰ ਪਹੁੰਚੀ। …ਇਸ ਦੌਰਾਨ ਉਹ ਭਾਵੁਕ ਹੋ ਗਈ ਅਤੇ ਕਿਹਾ ਕਿ ਇਹ ਘਾਟਾ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਹਰ ਉਸ ਵਿਅਕਤੀ ਨੂੰ ਮਹਿਸੂਸ ਹੋ ਰਿਹਾ ਹੈ ਜੋ ਉਨ੍ਹਾਂ ਦਾ ਪ੍ਰਸ਼ੰਸਕ ਸੀ। ਅੱਜ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦੀ ਲੋੜ ਹੈ ਕਿਉਂਕਿ ਅੱਜ ਆਮ ਆਦਮੀ ਦੀ ਜਾਨ-ਮਾਲ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਜਿਹੜੀ ਸੁਰੱਖਿਆ ਅਸੀਂ ਹੁਣ ਮੂਸੇਵਾਲਾ ਨੂੰ ਦੇ ਰਹੇ ਹਾਂ, ਜੇਕਰ ਪਹਿਲਾਂ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਅੱਗੇ ਕਿਹਾ ਕਿ ਸੋਨੂੰ ਸੂਦ ਨੂੰ ਵੀ ਮੂਸੇਵਾਲਾ ਦੀ ਮੌਤ ਦਾ ਬਹੁਤ ਦੁੱਖ ਹੈ।
ਕਾਬਿਲੇਗੌਰ ਹੈ ਕਿ ਇਸ ਨਾਲ ਪੰਜਾਬ ਦੀ ਸਿਆਸਤ ਵੀ ਹਿੱਲੀ ਪਈ ਹੈ। ਪੰਜਾਬ ਸਰਕਾਰ ਲਗਾਤਾਰ ਮੂਸੇਵਾਲਾ ਦੇ ਕਾਤਿਲਾਂ ਦੀ ਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਵੱਡੇ ਸਿਆਸਤਦਾਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਰਹੇ ਹਨ, ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ।