ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੇ ਵਿਰੁੱਧ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਐਫਆਈਆਰ ਦਰਜ਼ ਹੋਈ ਹੈ। ਮੁੰਬਈ ਦੇ ਵਸਨੀਕ ਕਿਰੀਟ ਜਸਵੰਤ ਸ਼ਾਹ ਦਾ ਦਾਅਵਾ ਹੈ ਕਿ ਉਸ ਨੇ ਲਖਨਊ ਦੇ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਵਿੱਚ ਇੱਕ ਫਲੈਟ ਖਰੀਦਿਆ ਸੀ।
ਜਸਵੰਤ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਕੰਪਨੀ ਨੂੰ 86 ਲੱਖ ਰੁਪਏ ਦੇ ਚੁੱਕੇ ਹਨ, ਫਿਰ ਵੀ ਉਨ੍ਹਾਂ ਨੂੰ ਫਲੈਟ ਨਹੀਂ ਮਿਲਿਆ ਅਤੇ ਇਸ ਕਾਰਨ ਜਸਵੰਤ ਨੇ ਗੌਰੀ ਖਾਨ ਅਤੇ ਹੋਰਾਂ ਖਿਲਾਫ ਐੱਫ.ਆਈ.ਆਰ.ਦਰਜ਼ ਕਰਵਾਈ ਹੈ| ਗੌਰੀ ਇਸ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੇ ਗੌਰੀ ਖਾਨ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਹੀ ਫਲੈਟ ਲਿਆ ਸੀ।
ਖ਼ਬਰਾਂ ਦੇ ਅਨੁਸਾਰ ਗੌਰੀ ਤੋਂ ਇਲਾਵਾ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਲਿਮਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਅਨਿਲ ਕੁਮਾਰ ਤੁਲਸਿਆਨੀ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਦੇ ਖਿਲਾਫ ਵੀ ਐਫਆਈਆਰ ਦਰਜ ਕਰਵਾਈ ਹੈ। ਤਿੰਨਾਂ ‘ਤੇ ਧਾਰਾ 409 ਦੇ ਤਹਿਤ ਗੈਰ-ਜ਼ਮਾਨਤੀ ਕੇਸ ਦਾ ਦੋਸ਼ ਲਗਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਤੁਲਸਿਆਨੀ ਕੰਸਟਰਕਸ਼ਨ ਐਂਡ ਡਿਵੈਲਪਰਸ ਨੇ ਗੌਰੀ ਖਾਨ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਜਸਵੰਤ ਸ਼ਾਹ ਦੀ ਸ਼ਿਕਾਇਤ ਦੇ ਅਨੁਸਾਰ ਗੌਰੀ ਖਾਨ ਨੇ ਮੁਹਿੰਮ ਦੌਰਾਨ ਕਿਹਾ ਸੀ ਕਿ ਕੰਪਨੀ ਸੁਲਤਾਨਪੁਰ ਰੋਡ ‘ਤੇ ਇਕ ਵੱਡਾ ਅਪਾਰਟਮੈਂਟ ਬਣਾ ਰਹੀ ਹੈ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਉਥੇ ਫਲੈਟ ਖਰੀਦਣ ਦਾ ਫੈਸਲਾ ਕੀਤਾ। ਕੰਪਨੀ ਦੇ ਸੀਐਮਡੀ ਅਨਿਲ ਕੁਮਾਰ ਤੁਲਸਿਆਨੀ ਅਤੇ ਡਾਇਰੈਕਟਰ ਮਹੇਸ਼ ਤੁਲਸਿਆਨੀ ਨਾਲ ਮੁਲਾਕਾਤ ਕੀਤੀ। ਉਸ ਨੇ ਦੱਸਿਆ ਕਿ ਫਲੈਟ ਦੀ ਕੀਮਤ 86 ਲੱਖ ਰੁਪਏ ਹੈ |
ਜਸਵੰਤ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਨੇ ਫਲੈਟ ਲਈ ਬੈਂਕ ਤੋਂ ਕਰਜ਼ਾ ਲਿਆ ਸੀ। ਪੈਸੇ ਜਮ੍ਹਾ ਕਰਵਾਉਂਦੇ ਰਹੇ ਅਤੇ ਕੁੱਲ 85 ਲੱਖ 46 ਹਜ਼ਾਰ 851 ਰੁਪਏ ਜਮ੍ਹਾ ਕਰਵਾ ਦਿੱਤੇ। ਉਹ ਫਲੈਟ ਦੇ ਕਬਜ਼ੇ ਲਈ ਅਕਤੂਬਰ 2016 ਤੋਂ ਲੱਗਾ ਹੋਇਆ ਹੈ। ਇਸ ਸਬੰਧ ਵਿੱਚ ਉਹ ਕਈ ਵਾਰ ਅਨਿਲ ਅਤੇ ਮਹੇਸ਼ ਨੂੰ ਮਿਲਿਆ। ਕੰਪਨੀ ਨੇ ਜਸਵੰਤ ਨੂੰ ਕੁਝ ਪੈਸੇ ਵੀ ਵਾਪਸ ਕਰ ਦਿੱਤੇ। 2017 ਵਿੱਚ, ਮਹੇਸ਼ ਤੁਲਸਿਆਨੀ ਨੇ ਜਸਵੰਤ ਨੂੰ ਲਗਭਗ 23 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਕਥਿਤ ਤੌਰ ‘ਤੇ ਵਾਅਦਾ ਕੀਤਾ ਕਿ ਜੇਕਰ ਉਸ ਨੂੰ ਛੇ ਮਹੀਨਿਆਂ ਵਿੱਚ ਕਬਜ਼ਾ ਨਾ ਮਿਲਿਆ ਤਾਂ ਕੰਪਨੀ ਸਾਰੀ ਰਕਮ ਵਿਆਜ ਸਮੇਤ ਵਾਪਸ ਕਰ ਦੇਵੇਗੀ।
ਜਸਵੰਤ ਨੇ ਜਿਸ ਫਲੈਟ ਨੂੰ ਖਰੀਦਣਾ ਸੀ, ਉਸ ਦਾ ਐਗਰੀਮੈਂਟ ਕਿਸੇ ਹੋਰ ਦੇ ਨਾਂ ‘ਤੇ ਕੀਤਾ ਗਿਆ ਹੈ। ਹੁਣ ਜਸਵੰਤ ਨੇ ਅਨਿਲ, ਮਹੇਸ਼ ਅਤੇ ਗੌਰੀ ਖਾਨ ‘ਤੇ ਦੋਸ਼ ਲਗਾਇਆ ਹੈ,ਉਨ੍ਹਾਂ ਨੇ ਧੋਖੇ ਨਾਲ ਉਸ ਦੇ ਫਲੈਟ ਤੇ ਕਬਜ਼ਾ ਕੀਤਾ ਹੈ |