ਸ਼੍ਰੀਨਗਰ: ਅਮਰਨਾਥ ਯਾਤਰਾ ‘ਤੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਇਸ ਦੇ ਨਾਲ ਹੀ ਭੋਲੇ ਬਾਬਾ ਦੇ ਸ਼ਰਧਾਲੂਆਂ ਲਈ ਇੱਕ ਵੱਡੀ ਖਬਰ ਹੈ। ਅਸਲ ‘ਚ ਹੁਣ ਤੁਸੀਂ ਆਸਾਨੀ ਨਾਲ ਹੈਲੀਕਾਪਟਰ ‘ਤੇ ਸਫਰ ਕਰ ਸਕੋਗੇ। ਇਸ ਦੀ ਬੁਕਿੰਗ ਲਈ ਇੱਕ ਪੋਰਟਲ ਵੀ ਸ਼ੁਰੂ ਕੀਤਾ ਗਿਆ ਸੀ।… ਇਹ ਜਾਣਕਾਰੀ ਦਿੰਦਿਆਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਪਵਿੱਤਰ ਅਮਰਨਾਥ ਗੁਫਾ ਦੇ ਸ਼ਰਧਾਲੂਆਂ ਲਈ ਹੈਲੀਕਾਪਟਰ ਬੁਕਿੰਗ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ। ਸਿਨਹਾ ਨੇ ਟਵੀਟ ਕੀਤਾ, “ਪਹਿਲੀ ਵਾਰ ਸ੍ਰੀਨਗਰ ਤੋਂ ਸਿੱਧੇ ਪੰਚਤਰਨੀ ਪਹੁੰਚਣ ਨਾਲ, ਸ਼ਰਧਾਲੂ ਇੱਕ ਦਿਨ ਵਿੱਚ ਇਸ ਯਾਤਰਾ ਨੂੰ ਪੂਰਾ ਕਰ ਸਕਣਗੇ। ਸ਼ਰਧਾਲੂ ਸ਼ਰਾਈਨ ਬੋਰਡ ਦੀ ਵੈੱਬਸਾਈਟ ‘ਤੇ ਜਾ ਕੇ ਆਸਾਨੀ ਨਾਲ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹਨ।
ਸ਼ਰਧਾਲੂਆਂ ਲਈ ਕੁੱਲ 11 ਹੈਲੀਕਾਪਟਰ ਹੋਣਗੇ ਉਪਲੱਬਧ
ਉਪ ਰਾਜਪਾਲ ਨੇ ਸ਼ਰਾਈਨ ਬੋਰਡ ਅਤੇ ਐਨਆਈਸੀ ਦੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਲਈ ਮੁਸ਼ਕਲ ਰਹਿਤ ਅਤੇ ਸੁਰੱਖਿਅਤ ਆਨਲਾਈਨ ਹੈਲੀਕਾਪਟਰ ਬੁਕਿੰਗ ਸੇਵਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪਹਿਲਾਂ, ਹੈਲੀਕਾਪਟਰ ਸੇਵਾਵਾਂ ਸਿਰਫ ਦੋ ਸੈਕਟਰਾਂ ਲਈ ਕਾਰਜਸ਼ੀਲ ਸਨ, ਪਰ ਹੁਣ, ਸ਼ਰਧਾਲੂ ਚਾਰ ਸੈਕਟਰਾਂ (ਆਉਣ-ਜਾਣ) ਵਿੱਚ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਸ਼੍ਰੀਨਗਰ ਤੋਂ ਨੀਲਗ੍ਰਾਥ, ਸ਼੍ਰੀਨਗਰ ਤੋਂ ਪਹਿਲਗਾਮ, ਨੀਲਗ੍ਰਾਥ ਤੋਂ ਪੰਚਤਰਨੀ ਅਤੇ ਪਹਿਲਗਾਮ ਤੋਂ ਪੰਚਤਰਨੀ ਤੱਕ ਕੁੱਲ 11 ਹੈਲੀਕਾਪਟਰ ਯਾਤਰੀਆਂ ਲਈ ਉਪਲੱਬਧ ਹੋਣਗੇ।
ਜਾਣੋ ਹੈਲੀਕਾਪਟਰ ਸੇਵਾ ਲਈ ਕਿੰਨੇ ਪੈਸੇ ਹੋਣਗੇ ਖਰਚ
ਸ੍ਰੀਨਗਰ ਤੋਂ ਦੋ ਨਵੇਂ ਸੈਕਟਰਾਂ ਨੂੰ ਜੋੜਨ ਨਾਲ ਉਨ੍ਹਾਂ ਯਾਤਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜੋ ਇੱਕ ਦਿਨ ਵਿੱਚ ਯਾਤਰਾ ਪੂਰੀ ਕਰਕੇ ਘਰ ਪਰਤਣਾ ਚਾਹੁੰਦੇ ਹਨ। ਇਹ ਸਹੂਲਤ ਉਨ੍ਹਾਂ ਸ਼ਰਧਾਲੂਆਂ ਲਈ ਵੀ ਉਪਲਬਧ ਹੈ ਜੋ ਸਿਰਫ਼ ਇੱਕ ਰੂਟ ਰਾਹੀਂ ਯਾਤਰਾ ਕਰਨਾ ਚਾਹੁੰਦੇ ਹਨ। ਸ਼੍ਰੀਨਗਰ ਤੋਂ ਨੀਲਗ੍ਰਾਥ ਤੱਕ ਇਕ ਪਾਸੇ ਦੀ ਫੀਸ 11,700 ਰੁਪਏ ਹੋਵੇਗੀ; ਸ਼੍ਰੀਨਗਰ ਤੋਂ ਪਹਿਲਗਾਮ 10,800 ਰੁਪਏ; ਨੀਲਗ੍ਰਾਥ ਤੋਂ ਪੰਚਤਰਨੀ 2,800 ਰੁਪਏ ਅਤੇ ਪਹਿਲਗਾਮ ਤੋਂ ਪੰਚਤਰਨੀ 4,200 ਰੁਪਏ ਹੈ।