ਜ਼ਿਲ੍ਹਾ ਬਰਨਾਲਾ ਦੀ ਸਬ-ਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਹਰ ਕੋਈ ਸਹਿਮ ਗਿਆ ਹੈ। ਦਰਅਸਲ, ਗਿਆਰ੍ਹਵੀਂ ਕਲਾਸ ਦੇ 17 ਸਾਲਾਂ ਵਿਦਿਆਰਥੀ ਜਗਦੀਪ ਸਿੰਘ ਨੂੰ ਸਕੂਲ ਅੰਦਰ ਹੀ ਬੱਸ ਨੇ ਕੁਚਲ ਦਿੱਤਾ। ਜਿਸ ਕਰਕੇ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਤੋਂ ਬਾਅਦ ਪੀੜਤ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਸਮੇਤ ਅਤੇ ਸਕੂਲ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਕੂਲ ਪ੍ਰਬੰਧਕ ਇਸ ਮਾਮਲੇ ਤੋਂ ਪੱਲਾ ਝਾੜ ਰਹੇ ਹਨ। ਇਸ ਮੌਕੇ ਮ੍ਰਿਤਕ ਵਿਦਿਆਰਥੀ ਜਗਦੀਪ ਸਿੰਘ ਦੀ ਮਾਤਾ ਗੁਰਪ੍ਰੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਸਕੂਲ ਪ੍ਰਿੰਸੀਪਲ, ਸਕੂਲ ਸਟਾਫ ਅਤੇ ਡਰਾਇਵਰ ‘ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਵੱਡੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਹੈ, ਜਿਸ ਦੇ ਸਿੱਧਾ ਜ਼ਿੰਮੇਵਾਰ ਸਕੂਲ ਪ੍ਰਿੰਸੀਪਲ ਹੈ।
ਇਸ ਮਾਮਲੇ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਗ਼ੈਰ-ਹਾਜ਼ਰ ਨਜ਼ਰ ਆਏ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਰੁੜੇਕੇ ਕਲਾਂ ਦੇ ਐੱਸ.ਐੱਚ.ਓ. ਜਗਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਵਿੱਚ ਮ੍ਰਿਤਕ ਵਿਦਿਆਰਥੀ ਜਗਦੀਪ ਸਿੰਘ ਤੇ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਜਾਂਚ ਵਿਚ ਸਕੂਲ ਪ੍ਰਿੰਸੀਪਲ ਦਾ ਕੋਈ ਰੋਲ ਆਉਂਦਾ ਹੈ ਤਾਂ ਪੁਲਿਸ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰੇਗੀ।