ਅਮਰੀਕਾ ਵਿਚ ਵ੍ਹਾਈਟ ਹਾਊਸ ਅਤੇ ਨਿਊਯਾਰਕ ਸਿਟੀ ਦੇ ਮੇਅਰ ਨੇ ਬੁੱਧਵਾਰ ਨੂੰ ਦੇਸ਼ ਵਿਚ ਮਹਾਤਮਾ ਗਾਂਧੀ ਦੇ ਬੁੱਤਾਂ ਦੀ ਭੰਨਤੋੜ ਦੀਆਂ ਤਾਜ਼ਾ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ। ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਤਾਜ਼ਾ ਮਾਮਲਾ ਨਿਊਯਾਰਕ ਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਅਤੇ ਦਫਤਰ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੈਰੇਨ ਜੀਨ-ਪੀਅਰੇ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਪੱਤਰਕਾਰਾਂ ਨੂੰ ਕਿਹਾ, ”ਮਹਾਤਮਾ ਗਾਂਧੀ ਨੇ ਸੱਚ ਅਤੇ ਅਹਿੰਸਾ ਦਾ ਸੰਦੇਸ਼ ਦਿੱਤਾ ਹੈ ਅਤੇ ਉਹ ਇਕ ਪ੍ਰੇਰਨਾ ਸਰੋਤ ਹਨ। ਰਾਸ਼ਟਰਪਤੀ ਨੇ ਇਹ ਗੱਲ ਸਿੱਧੇ ਤੌਰ ‘ਤੇ ਕਹੀ ਹੈ। ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਪਿਅਰੇ ਨੇ ਇਹ ਜਵਾਬ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਨੂੰ ਤੋੜਨ ਦੀਆਂ ਹਾਲ ਹੀ ਦੀਆਂ ਘਟਨਾਵਾਂ ‘ਤੇ ਪੁੱਛੇ ਗਏ ਸਵਾਲ ‘ਤੇ ਦਿੱਤਾ। ਇਨ੍ਹਾਂ ਵਿੱਚੋਂ ਦੋ ਘਟਨਾਵਾਂ ਨਿਊਯਾਰਕ ਵਿੱਚ ਵਾਪਰੀਆਂ।
ਨਿਊਯਾਰਕ ਪੁਲਿਸ ਵਿਭਾਗ ਇਹਨਾਂ ਵਿੱਚੋਂ ਘੱਟੋ-ਘੱਟ ਇੱਕ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਿਹਾ ਹੈ। ਇਸ ਸਬੰਧ ਵਿੱਚ ਚੱਲ ਰਹੀ ਜਾਂਚ ਬਾਰੇ ਪੁੱਛੇ ਜਾਣ ‘ਤੇ ਪੀਅਰੇ ਨੇ ਕਿਹਾ, “ਇਸ ਸਬੰਧ ਵਿੱਚ ਜਾਂਚ ਅਤੇ ਕਾਰਵਾਈ ਲਈ ਤੁਹਾਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨਾਲ ਗੱਲ ਕਰਨੀ ਚਾਹੀਦੀ ਹੈ।” ਪ੍ਰੈੱਸ ਸਕੱਤਰ ਨੇ ਕਿਹਾ, ਅਮਰੀਕਾ ਆਪਣੇ ਭਾਰਤੀ ਅਤੇ ਹੋਰ ਵਿਦੇਸ਼ੀ ਹਮਰੁਤਬਾ ਦੀ ਸੁਰੱਖਿਆ ਲਈ ਵਚਨਬੱਧ ਹੈ। ਅਸੀਂ ਹਿੰਸਾ ਦੀ ਕਿਸੇ ਵੀ ਘਟਨਾ ਦੀ ਨਿੰਦਾ ਕਰਦੇ ਹਾਂ। ਅਸੀਂ ਇਸ ਫੋਰਮ ਤੋਂ ਕਈ ਵਾਰ ਇਹ ਕਿਹਾ ਹੈ।
ਮਹਾਤਮਾ ਗਾਂਧੀ ਪ੍ਰੇਰਨਾ ਸਰੋਤ ਹਨ। ਰਾਸ਼ਟਰਪਤੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ। ਇਸ ਦੌਰਾਨ, ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਈ ਅਧਿਕਾਰੀਆਂ ਨਾਲ ਨਿਊਯਾਰਕ ਵਿੱਚ ਭੰਨ-ਤੋੜ ਕੀਤੀ ਗਾਂਧੀ ਦੀ ਮੂਰਤੀ ਦਾ ਦੌਰਾ ਕੀਤਾ। 3 ਅਤੇ 16 ਅਗਸਤ ਨੂੰ ਸ਼ਹਿਰ ਵਿੱਚ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ। ਰਿਚਮੰਡ ਹਿੱਲ ਵਿੱਚ ਤੁਲਸੀ ਮੰਦਿਰ ਦੇ ਦਰਸ਼ਨ ਕਰਨ ਆਏ ਐਡਮਜ਼ ਨੇ ਪੱਤਰਕਾਰਾਂ ਨੂੰ ਕਿਹਾ, ”ਰਿਚਮੰਡ ਹਿੱਲ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਨਿਊਯਾਰਕ ਸਿਟੀ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।