ਲੁਧਿਆਣਾ ਦੇ ਲਾਡੋਵਾਲ ਪੁਲ ਤੋਂ ਅੱਜ ਯਾਨੀ ਮੰਗਲਵਾਰ ਸਵੇਰੇ ਇੱਕ XUV ਕਾਰ 40 ਫੁੱਟ ਹੇਠਾਂ ਡਿੱਗੀ। ਇਹ ਹਾਦਸਾ ਪੁਲ ਦੀ ਰੇਲਿੰਗ ਟੁੱਟਣ ਕਾਰਨ ਵਾਪਰਿਆ ਹੈ। ਗੱਡੀ ‘ਚ ਸਵਾਰ 3 ਲੋਕ ਜ਼ਖਮੀ ਹੋਏ ਹਨ। ਇੱਕ ਜ਼ਖਮੀ ਨੌਜਵਾਨ ਪ੍ਰਿੰਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਥਾਣਾ ਲਾਡੋਵਾਲ ਦੀ ਪੁਲਿਸ ਹਾਦਸੇ ਵਾਲੀ ਜਗ੍ਹਾ ’ਤੇ ਪੁੱਜ ਗਈ। ਪੁਲਿਸ ਅਧਿਕਾਰੀਆਂ ਨੇ NHAI ਨੂੰ ਵੀ ਸੂਚਨਾ ਦੇ ਦਿੱਤੀ ਹੈ।
ਨੌਜਵਾਨ ਪ੍ਰਿੰਸ ਦੇ ਦੋਸਤ ਰਾਜਵੀਰ ਨੇ ਦੱਸਿਆ ਹੈ ਕਿ ਗੱਡੀ ਦਾ ਬਹੁਤ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਪ੍ਰਿੰਸ ਦਾ ਦੋ ਦਿਨਾਂ ਬਾਅਦ ਦਸੂਹਾ ਵਿੱਚ ਵਿਆਹ ਹੈ। ਪ੍ਰਿੰਸ ਵਿਦੇਸ਼ ਤੋਂ ਆਈ ਆਪਣੀ ਮੰਗੇਤਰ ਨੂੰ ਲੈ ਕੇ ਅੱਜ ਦਿੱਲੀ ਹਵਾਈ ਅੱਡੇ ਤੋਂ ਵਾਪਸ ਘਰ ਆ ਰਿਹਾ ਸੀ। XUV ਕਾਰ ਦੇ ਡਰਾਈਵਰ ਤੋਂ ਸਟੇਅਰਿੰਗ ਨਹੀਂ ਸੰਭਾਲਿਆ ਗਿਆ। ਕਾਰ ਦੇ ਅੱਗੇ ਇੱਕ ਆਟੋ ਆਇਆ ਅਤੇ ਕਾਰ ਨੂੰ ਮੋੜਨ ਦੀ ਕੋਸ਼ਿਸ਼ ਕਰਦੇ ਹੋਏ ਕਾਰ ਪੁਲ ਦੇ ਕਿਨਾਰੇ ਜਾ ਵੱਜੀ।
ਪ੍ਰਿੰਸ ਦੇ ਦੋਸਤ ਰਾਜਵੀਰ ਨੇ ਅੱਗੇ ਦੱਸਿਆ ਕਿ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਅਤੇ ਪੁਲ ਦੀ ਰੇਲਿੰਗ ਟੁੱਟਣ ਕਾਰਨ ਕਾਰ ਹੇਠਾਂ ਡਿੱਗ ਗਈ। ਗੱਡੀ ਕੱਚੀ ਰੇਲਿੰਗ ਨੂੰ ਤੋੜਦੇ ਹੋਏ ਕਰੀਬ 3 ਤੋਂ 4 ਵਾਰ ਪਲਟ ਕੇ ਪੁਲ ਤੋਂ ਉਤਰ ਕੇ ਹੇਠਾਂ ਸੜਕ ‘ਤੇ ਜਾ ਡਿੱਗੀ। ਰਾਜਵੀਰ ਦੇ ਮੁਤਾਬਿਕ ਜਦੋਂ ਕਾਰ ਪੁਲ ਤੋਂ ਹੇਠਾਂ ਡਿੱਗੀ ਤਾਂ ਉੱਥੇ ਮੌਜੂਦ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।